ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੀ ਜਾਨ ਲੈਣ ਵਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦਾ ਬਠਿੰਡਾ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਠਿੰਡਾ ਦੇ SSP ਅਮਨੀਤ ਕੌਂਡਲ ਨੇ ਅੱਜ ਕਿਹਾ ਕਿ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਦੌਰਾਨ ਇੱਕ ਹੋਰ ਪ੍ਰਭਾਵਕ (influencer) ਪ੍ਰੀਤ ਜੱਟੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਹੈ, ਜਿਸ ਵਿੱਚ ਉਸਨੂੰ ਆਨਲਾਈਨ ਸਮੱਗਰੀ ਅਪਲੋਡ ਕਰਨਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇੱਕ ਵੀਡੀਓ ਵਿੱਚ ਪ੍ਰੀਤ ਜੱਟੀ ਨੇ ਕਿਹਾ, “ਮੇਰਾ ਪੰਜ ਮਹੀਨਿਆਂ ਦਾ ਬੱਚਾ ਹੈ। ਮੈਨੂੰ ਅੱਜ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ। ਮੈਂ ਸਿਰਫ਼ ਸਧਾਰਨ ਵੀਡੀਓ ਅਪਲੋਡ ਕਰਦੀ ਹਾਂ ਅਤੇ ਕਿਸੇ ਵੀ ਗਲਤ ਚੀਜ਼ ਦਾ ਪ੍ਰਚਾਰ ਨਹੀਂ ਕਰਦੀ। ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਕਾਲ ਕਰ ਰਿਹਾ ਹੈ। ਮੈਂ ਚਾਰ ਮਹੀਨੇ ਪਹਿਲਾਂ ਅੰਮ੍ਰਿਤਪਾਲ ਤੋਂ ਮੁਆਫੀ ਵੀ ਮੰਗੀ ਸੀ ਅਤੇ ਉਦੋਂ ਤੋਂ ਮੈਂ ਕੁਝ ਵੀ ਇਤਰਾਜ਼ਯੋਗ ਪੋਸਟ ਨਹੀਂ ਕੀਤਾ ਹੈ।’
ਦੱਸ ਦੇਈਏ ਕਿ ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਜਿਸ ਦੀ ਜਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ।