ਬੀਤੇ ਦਿਨੀਂ ਜਲੰਧਰ ਬਲਾਕ ਨਕੋਦਰ ਦੇ ਦੋ ਸਕੇ ਭਰਾਵਾਂ ਹਿਮਾਚਲ ਵਿੱਚ ਉਨ੍ਹਾਂ ਦੇ ਦੋਸਤ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਵਰੁਨ ਤੇ ਕੁਨਾਲ ਵਜੋਂ ਹੋਈ ਸੀ। ਹਿਮਾਚਲ ਪੁਲਿਸ ਨੇ 72 ਘੰਟਿਆਂ ’ਚ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਦੋਹਰੇ ਕਤਲ ਕਾਂਡ ਸਬੰਧੀ ਨਾਲਾਗੜ੍ਹ ਦੇ ਡੀ ਐੱਸ ਪੀ ਫ਼ਿਰੋਜ਼ ਖ਼ਾਨ ਨੇ ਫ਼ੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਮਾਚਲ ਪੁਲਿਸ ਨੇ ਇਕ ਮੁਲਜ਼ਮ ਇੰਦਰਜੀਤ ਇੰਦੂ ਵਾਸੀ ਦੇਸਰਪੁਰ ਜ਼ਿਲ੍ਹਾ ਜਲੰਧਰ ਨੂੰ ਸਨਿੱਚਰਵਾਰ ਨੂੰ ਜਲੰਧਰ ਦੇ ਕਸਬਾ ਲੋਹੀਆਂ ਕੋਲੋਂ ਤੇ ਐਤਵਾਰ ਨੂੰ ਦੋ ਮੁਲਜ਼ਮਾਂ ਗੋਰਵ ਗਿੱਲ ਵਾਸੀ ਖੀਵਾ ਜ਼ਿਲ੍ਹਾ ਜਲੰਧਰ ਤੇ ਇੰਦਰਜੀਤ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਕਤਲ ਦੇ ਅਸਲੀ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਲਗਦਾ ਹੈ ਪਰ ਪੁਲਿਸ ਤਫ਼ਤੀਸ਼ ਦੌਰਾਨ ਅਸਲੀ ਮਾਮਲਾ ਵੀ ਸਾਹਮਣੇ ਆ ਜਾਵੇਗਾ ਤੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਦੱਸ ਦੇਈਏ ਕਿ ਜਲੰਧਰ ਜਲੰਧਰ ਦੀ ਸਬ-ਡਵੀਜ਼ਨ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਦੋ ਸਕੇ ਭਰਾਵਾਂ ਦਾ ਸੋਲਨ ਦੇ ਨਾਲਾਗੜ੍ਹ ‘ਚ ਸੜਕ ਦੇ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਦੋਸਤਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸਤਾਂ ਵੱਲੋਂ ਪੈਸਿਆਂ ਲਈ ਵਰੁਨ ਤੇ ਕੁਨਾਲ ਨੂੰ ਹਿਮਾਚਲ ਤੋਂ ਜਲੰਧਰ ਬੁਲਾਇਆ ਗਿਆ ਸੀ ਪਰ ਜਦੋਂ ਉਹ ਜਲੰਧਰ ਨਹੀਂ ਆਏ ਤਾਂ ਦੋਸਤਾਂ ਨੇ ਹਿਮਾਚਲ ਪਹੁੰਚ ਕੇ ਦੋਵਾਂ ਦੀ ਰੇਕੀ ਕੀਤੀ ਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।