Punjab Religion

ਭਾਰਤ ਦੇ ਸੰਵਿਧਾਨ ਮੁਤਾਬਕ ਸਿੱਖਾਂ ਨੂੰ ਕਕਾਰ ਪਹਿਨਣ ਦਾ ਪੂਰਾ ਅਧਿਕਾਰ : SGPC ਪ੍ਰਧਾਨ ਐਡਵੋਕੇਟ ਧਾਮੀ

ਅੰਮ੍ਰਿਤਸਰ : ਰਾਜਸਥਾਨ ਵਿੱਚ ਇੱਕ ਪ੍ਰੀਖਿਆ ਦੌਰਾਨ ਸਿੱਖ ਲੜਕੀ ਨੂੰ ਕਕਾਰ ਪਹਿਨਣ ਕਾਰਨ ਪ੍ਰੀਖਿਆ ਵਿੱਚ ਦਾਖਲਾ ਨਾ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਸਿੱਖ ਕੌਮ ਦੇ ਰੋਸ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਨੇ ਸਿੱਖ ਉਮੀਦਵਾਰਾਂ ਨੂੰ ਕਕਾਰਾਂ ਸਮੇਤ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਕਦਮ ਬਹੁਤ ਪਹਿਲਾਂ ਚੁੱਕਣਾ ਚਾਹੀਦਾ ਸੀ।

ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਿਸ ਸਿੱਖ ਲੜਕੀ ਨੂੰ ਅਧਿਕਾਰੀਆਂ ਦੇ ਗਲਤ ਵਤੀਰੇ ਕਾਰਨ ਪ੍ਰੀਖਿਆ ਦੇਣ ਤੋਂ ਵਾਂਝਿਆ ਗਿਆ, ਉਸ ਲਈ ਵਿਸ਼ੇਸ਼ ਪ੍ਰਬੰਧ ਕਰਕੇ ਪ੍ਰੀਖਿਆ ਦਾ ਮੌਕਾ ਦਿੱਤਾ ਜਾਵੇ, ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ।ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਕਿਰਪਾਨ ਸਮੇਤ ਪੰਜ ਕਕਾਰ ਪਹਿਨਣ ਦਾ ਪੂਰਾ ਅਧਿਕਰ ਦਿੰਦਾ ਹੈ, ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤਧਾਰੀ ਸਿੱਖ ਇਨ੍ਹਾਂ ਨੂੰ ਵੱਖ ਨਹੀਂ ਕਰ ਸਕਦਾ।

ਉਨ੍ਹਾਂ ਅਫਸੋਸ ਜਤਾਇਆ ਕਿ ਇਸ ਦੇ ਬਾਵਜੂਦ ਕਈ ਵਾਰ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਵਿਰੋਧ ਕਰਨ ‘ਤੇ ਪ੍ਰੀਖਿਆ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜ ਕਕਾਰ ਸਿੱਖ ਪਛਾਣ ਅਤੇ ਮੌਲਿਕ ਅਧਿਕਾਰਾਂ ਦਾ ਪ੍ਰਤੀਕ ਹਨ, ਜਿਨ੍ਹਾਂ ਦਾ ਸਤਿਕਾਰ ਸਭ ਨੂੰ ਕਰਨਾ ਚਾਹੀਦਾ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰਾਂ ਨੂੰ ਸਿੱਖ ਵਿਦਿਆਰਥੀਆਂ ਨਾਲ ਹੋਣ ਵਾਲੀਆਂ ਅਜਿਹੀਆਂ ਜ਼ਿਆਦਤੀਆਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਵਿਰੁੱਧ ਜਾ ਕੇ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵ੍ਰਿਤੀ ਨੂੰ ਰੋਕਿਆ ਜਾ ਸਕੇ।