Punjab

ਬੇਕਾਬੂ ਕਾਰ ਡਿਵਾਈਡਰ ਪਾਰ ਕਰਕੇ ਟਰੱਕ ਨਾਲ ਟਕਰਾਈ , ਚਾਰ ਘਰਾਂ ‘ਚ ਵਿਛੇ ਸੱਥਰ

Accident on Jalandhar-Pathankot highway, four dead

ਜਲੰਧਰ-ਪਠਾਨਕੋਟ ਕੌਮੀ ਮਾਰਗ ( Jalandhar-Pathankot National Highway ) ’ਤੇ ਪਿੰਡ ਬਿਆਸ ਨੇੜੇ  ਤੇਜ਼ ਰਫਤਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਚਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਰੀ ਅਨੁਸਾਰ ਦੁਪਹਿਰ 1.30 ਵਜੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਭੱਠੇ ਕੋਲ ਪਹੁੰਚਣ ’ਤੇ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਡਿਵਾਈਡਰ ਪਾਰ ਕਰਕੇ ਜਲੰਧਰ ਵੱਲੋਂ ਆ ਰਹੇ ਟਰੱਕ ਨਾਲ ਟਕਰਾ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹਾਈਵੇਅ ਪੈਟਰੋਲਿੰਗ ਪੁਲੀਸ ਦੇ ਏਐੱਸਆਈ ਰਣਧੀਰ ਸਿੰਘ ਅਤੇ ਅਲਾਵਲਪੁਰ ਪੁਲਿਸ ਦੇ ਇੰਚਾਰਜ ਪ੍ਰਿਤਪਾਲ ਸਿੰਘ ਸਿੰਘ ਨੇ ਕਾਰ ਵਿੱਚ ਫਸੇ ਵਿਅਕਤੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਕਾਰ ਵਿੱਚ ਸਵਾਰ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ।

ਕਾਰ ਚਾਲਕ ਸਮੇਤ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਲੜਕੀ ਅਤੇ ਲੜਕੇ ਦੋਵੇਂ ਵਿਦਿਆਰਥੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕਾਰ ਚਾਲਕ ਅਜੇ ਕੁਮਾਰ ਗੰਭੀਰ ਹਾਲਤ ਵਿੱਚ ਹਸਪਤਾਲ ’ਚ ਦਾਖਲ ਹੈ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਸ਼ੈਲੀਜ ਗੁਲੇਰੀਆ ਪੁੱਤਰੀ ਮਨਜੀਤ ਸਿੰਘ ਗੁਲੇਰੀਆ ਵਾਸੀ ਸੁੰਦਰ ਨਗਰ ਪਠਾਨਕੋਟ, ਲੋਕੇਸ਼ ਵਾਸੀ ਸੁਜਾਨਪੁਰ ਪਠਾਨਕੋਟ, ਸਿਮਰਨ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਸੋਲ ਗੁਰਦਾਸਪੁਰ, ਰੋਹਨ ਵਾਸੀ ਸ਼ਾਹਪੁਰ ਕੰਢੀ, ਪਠਾਨਕੋਟ ਵਜੋਂ ਹੋਈ ਹੈ ਅਤੇ ਇਸ ਚਾਰੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਬਠਿੰਡਾ ’ਚ ਪੜ੍ਹਦੇ ਸਨ।

ਇਹ ਸਾਰੇ ਆਪਣੇ ਕਾਲਜ ਵਾਪਸ ਜਾ ਰਹੇ ਸਨ। ਥਾਣਾ ਆਦਮਪੁਰ ਦੇ ਐੱਸਐੱਚਓ ਹਰਦੀਪ ਸਿੰਘ ਵੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਵਿਦਿਆਰਥੀਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਜਲੰਧਰ ਰਖਵਾ ਦਿੱਤੀਆਂ ਗਈਆਂ ਹਨ। ਪੁਲੀਸ ਨੇ ਮੌਕੇ ਤੋਂ ਟਰੱਕ ਕਬਜ਼ੇ ’ਚ ਲੈ ਲਿਆ ਹੈ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ।