ਗੁਰਦਾਸਪੁਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਗੁਰਦਾਸਪੁਰ ਦੇ ਦੋਰਾਂਗਲਾ ਅਧੀਨ ਪੈਂਦੇ ਪਿੰਡ ਤਲਵੰਡੀ ਨੇੜੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਇਕ ਕਾਰ ਬੇਕਾਬੂ ਹੋ ਕੇ ਸਫੈਦਿਆਂ ਨਾਲ ਬੁਰੀ ਤਰ੍ਹਾਂ ਟਕਰਾ ਗਈ ਜਿਸ ਨਾਲ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਾਰ ਵਿਚ ਸਵਾਰ 5 ਨੌਜਵਾਨਾਂ ਦੀ ਉਮਰ 20 ਤੋਂ 23 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22ਸਾਲ ) ਪੁੱਤਰ ਅਨੂਪ ਸਿੰਘ ਵਾਸੀ ਪਿੰਡ ਮਲੂਕਚੱਕ , ਹਰਪ੍ਰੀਤ ਸਿੰਘ (22)ਪੁੱਤਰ ਸਰਵਨ ਸਿੰਘ ਵਾਸੀ ਪਿੰਡ ਤਾਜਪੁਰ ਵਜੋਂ ਹੋਈ ਹੈ ਤੇ ਜ਼ਖ਼ਮੀਆਂ ‘ਚ ਰਤਨਦੀਪ ਸਿੰਘ ਪੁੱਤਰ ਰਮਨੀਕ ਸਿੰਘ ਵਾਸੀ ਪਿੰਡ ਠੁੰਡੀ , ਅਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਤਾਜਪੁਰ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸੁਲਤਾਨੀ ਜੋ ਕਿ ਜ਼ੇਰੇ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹਨ ।
ਜਾਣਕਾਰੀ ਅਨੁਸਾਰ ਘਰ ਵਿਚ ਬੈਠੇ ਪੰਜ ਨੌਜਵਾਨਾਂ ਜੋ ਆਪਸ ਵਿੱਚ ਦੋਸਤ ਸਨ ਉਹ ਕਰੀਬ 9 ਵਜੇ ਗੁਰਦਾਸਪੁਰ ਤੋਂ ਪੀਜਾ ਖਾਣ ਲਈ ਗਏ ਸਨ। ਘਰ ਆਉਣ ਵਿੱਚ ਦੇਰੀ ਹੋਣ ਕਰਕੇ ਪਰਿਵਾਰ ਵਾਲੇ ਜਲਦ ਆਉਣ ਲਈ ਫੋਨ ਕਰ ਰਹੇ ਸਨ । ਜਦੋਂ ਉਨ੍ਹਾਂ ਦੀ ਕਾਰ ਪਿੰਡ ਤਲਵੰਡੀ ਨੇੜੇ ਪੁੱਜੀ ਤਾਂ ਕਾਰ ਚਲਾ ਰਿਹਾ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਕਾਰ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੌਜਵਾਨਾਂ ‘ਚੋਂ ਇਕ ਨੌਜਵਾਨ ਕੁਝ ਦਿਨ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ, ਅਤੇ ਕੁਝ ਦਿਨ ਬਾਅਦ ਵੀ ਉਸ ਦੀ ਜੁਆਈਨਿੰਗ ਸੀ,ਜਦਕਿ ਦੂਜਾ ਨੌਜਵਾਨ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਵਾਲਾ ਸੀ।
ਦੂਜੇ ਪਾਸੇ ਥਾਣਾ ਦੋਰਾਂਗਲਾ ਦੇ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਦਕਿ ਨੁਕਸਾਨੀ ਕਾਰ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।