ਇਸ ਵਾਰ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 50 ਡਿਗਰੀ ਪਾਰ ਕਰ ਗਿਆ ਹੈ। ਪੱਖੇ ਤੇ ਕੂਲਰ ਨਾਲ ਵੀ ਇਸ ਗਰਮੀ ਤੋਂ ਨਿਜਾਤ ਨਹੀਂ ਮਿਲ ਰਹੀ ਜਿਸ ਕਰਕੇ ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਏਸੀ ਦੀ ਵਰਤੋਂ ਕਰ ਰਹੇ ਹਨ। ਪਰ ਵਧਦੀ ਗਰਮੀ ਦੇ ਨਾਲ AC ਵਿੱਚ ਧਮਾਕੇ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਹਨ। ਹਾਲ ਹੀ ’ਚ ਨੋਇਡਾ, ਮੁੰਬਈ, ਤੇ ਬੈਂਗਲੁਰੂ ’ਚ AC ਬਲਾਸਟ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ AC ਬਲਾਸਟ ਦੀਆਂ ਘਟਨਾਵਾਂ ਲਗਾਤਾਰ ਕਿਉਂ ਵਧ ਰਹੀਆਂ ਹਨ, ਤੇ ਅਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਕਰ ਸਕਦੇ ਹਾਂ।
ਲਗਭਗ ਹਰ ਰੋਜ਼ ਖ਼ਬਰਾਂ ਆ ਰਹੀਆਂ ਹਨ ਕਿ ਵੱਖ-ਵੱਖ ਸ਼ਹਿਰਾਂ ਵਿੱਚ ਏਸੀ ਕੰਪ੍ਰੈਸਰ ਧਮਾਕੇ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕਈ ਵਾਰ ਇਨ੍ਹਾਂ ਘਟਨਾਵਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਅੱਤ ਦੀ ਗਰਮੀ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ?
ਆਖ਼ਰ ਕਿਉਂ ਲੱਗ ਰਹੀ ਹੈ AC ਵਿੱਚ ਅੱਗ?
- AC ਨੂੰ ਅੱਗ ਲੱਗਣ ਦਾ ਮੁੱਖ ਕਾਰਨ ਓਵਰਹੀਟਿੰਗ ਹੈ। ਗਰਮੀ ਤੋਂ ਬਚਣ ਲਈ ਕੁਝ ਲੋਕ ਕਈ-ਕਈ ਘੰਟੇ ਲਗਾਤਾਰ AC ਚਲਾ ਰਹੇ ਹਨ। ਜਿਸ ਕਾਰਨ ਕੰਪ੍ਰੈਸਰ ਵਿੱਚ ਅੱਗ ਲੱਗਣ ਜਾਂ ਧਮਾਕਾ ਹੋਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ।
- ਇਸ ਤੋਂ ਇਲਾਵਾ ਕਈ ਲੋਕ ਏ.ਸੀ. ਦੀ ਲਗਾਤਾਰ ਵਰਤੋਂ ਕਰਦੇ ਹੋਏ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ | ਸਮੇਂ ਸਿਰ ਸਪਵਿਸ ਨਾ ਮਿਲਣ ਕਾਰਨ ਵੀ ਗੰਦਗੀ ਇਕੱਠੀ ਹੋ ਸਕਦੀ ਹੈ, ਜਿਸ ਨਾਲ ਕੰਪ੍ਰੈਸਰ ’ਤੇ ਦਬਾਅ ਵਧ ਜਾਂਦਾ ਹੈ ਅਤੇ ਇਹ ਫੇਲ੍ਹ ਹੋ ਸਕਦਾ ਹੈ।
- AC ਵਿੱਚ ਧਮਾਕੇ ਦਾ ਸਭ ਤੋਂ ਵੱਡਾ ਕਾਰਨ ਕੰਪ੍ਰੈਸਰ ਵਿੱਚ ਰੈਫਰਿਜਰੇਟਰ ਗੈਸ ਦਾ ਲੀਕ ਹੋਣਾ ਹੈ। ਅਜਿਹੀ ਸਥਿਤੀ ’ਚ ਬਹੁਤ ਤੇਜ਼ੀ ਨਾਲ ਧਮਾਕਾ ਹੋ ਸਕਦਾ ਹੈ।
- ਘਰ ਦਾ ਵੋਲਟੇਜ ਵਿੱਚ ਵਾਰ-ਵਾਰ ਉਤਰਾਅ-ਚੜ੍ਹਾਅ ਵੀ ਕੰਪ੍ਰੈਸਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਧਮਾਕੇ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।
- ਇਸ ਤੋਂ ਇਲਾਵਾ, ਕੰਪ੍ਰੈਸਰ ਲਈ ਕੂਲਿੰਗ ਫੈਨ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ ਵੀ ਓਵਰਹੀਟਿੰਗ ਅਤੇ ਧਮਾਕੇ ਦਾ ਕਾਰਨ ਬਣ ਸਕਦਾ ਹੈ।
AC ਵਿੱਚ ਧਮਾਕੇ ਦੀਆਂ ਘਟਨਾਵਾਂ ਰੋਕਣ ਦੇ ਉਪਾਅ
- ਏਸੀ ਦੀ ਵਰਤੋਂ ਕਰਦੇ ਸਮੇਂ ਨਿਯਮਤ ਤੌਰ ’ਤੇ ਏਸੀ ਦੀ ਸਰਵਿਸ ਕਰਵਾਓ। ਹਰ 6 ਮਹੀਨਿਆਂ ਵਿੱਚ ਇੱਕ ਵਾਰ ਸਰਵਿਸ ਕੀਤੀ ਜਾਣੀ ਚਾਹੀਦੀ ਹੈ। ਜੇ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਹਾਨੂੰ ਤੁਰੰਤ ਕੰਪਨੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ। ਇਸ ਦੌਰਾਨ AC ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- AC ਦੀ ਵਰਤੋਂ ਕਰਨ ਲਈ ਵੋਲਟੇਜ ਸਟੈਬੀਲਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਕਿ ਵੋਲਟੇਜ ਦੇ ਉਤਰਾਅ-ਚੜ੍ਹਾਅ ਕਾਰਨ ਕੰਪ੍ਰੈਸਰ ਖਰਾਬ ਨਾ ਹੋਵੇ।
- ਇਸ ਤੋਂ ਇਲਾਵਾ, ਸਰਵਿਸ ਦੇ ਸਮੇਂ ਰੈਫਰਿਜਰੇਟਰ ਗੈਸ ਲੀਕੇਜ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਕਿਸੇ ਤਰ੍ਹਾਂ ਦੀ ਲੀਕੇਜ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾ ਸਕਦਾ ਹੈ।
- ਏਅਰ ਫਿਲਟਰ ਤੇ ਕੂਲਿੰਗ ਪਾਈਪ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰਨਾ ਚਾਹੀਦਾ ਹੈ। ਇਸ ਨਾਲ ਕੰਪ੍ਰੈਸਰ ’ਤੇ ਵਾਧੂ ਦਬਾਅ ਨਹੀਂ ਪਵੇਗਾ ਅਤੇ ਇਹ ਠੀਕ ਤਰ੍ਹਾਂ ਕੰਮ ਕਰੇਗਾ।