ਬਿਉਰੋ ਰਿਪੋਰਟ : ਨਸ਼ਾ ਇੱਕ ਹੋਰ ਘਰ ਦਾ ਚਿਰਾਗ ਬੁਝਾ ਗਿਆ ਹੈ,ਇੱਕ ਹੋਰ ਮਾਂ ਦੀ ਗੋਦ ਸੁੰਨੀ ਕਰ ਗਿਆ ਹੈ,ਇੱਕ ਹੋਰ ਭੈਣ ਤੋਂ ਭਰਾ ਵਿਛੜ ਗਿਆ ਹੈ । ਅਬੋਹਰ ਦੇ ਪਿੰਡ ਆਜ਼ਮਵਾਲਾ ਤੋਂ ਇਹ ਘਟਨਾ ਸਾਹਮਣੇ ਆਈ ਹੈ। 24 ਸਾਲ ਦੇ ਅਕਾਸ਼ਦੀਪ ਸਿੰਘ ਨੂੰ ਪਿੰਡ ਦੇ ਕੁਝ ਨੌਜਵਾਨਾਂ ਕੋਲ ਹੀ ਨਸ਼ੇ ਦੀ ਲੱਤ ਲੱਗੀ ਸੀ ।
ਮਾਂ ਨੇ ਦੱਸਿਆ ਕਿ ਪੁੱਤਰ ਅਕਾਸ਼ਦੀਪ ਘਰ ਦੇ ਬਾਥਰੂਮ ਵਿੱਚ ਨਹਾਉਣ ਗਿਆ ਸੀ ਜਦੋਂ 1 ਘੰਟੇ ਤੱਕ ਉਹ ਬਾਹਰ ਨਹੀਂ ਆਇਆ ਤਾਂ ਉਸ ਨੂੰ ਅਵਾਜ਼ ਮਾਰੀ ਪਰ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਕਿਸੇ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਗਿਆ । ਅੰਦਰ ਜਾਕੇ ਵੇਖਿਆ ਪੁੱਤਰ ਬੇਹੋਸ਼ ਸੀ,ਹੱਥ ‘ਤੇ ਨਸ਼ੇ ਦਾ ਇੰਜੈਕਸ਼ਨ ਸੀ । ਫੌਰਨ ਘਰ ਵਾਲੇ ਅਕਾਸ਼ਦੀਪ ਨੂੰ ਹਸਪਤਾਲ ਲੈਕੇ ਨਿਕਲੇ । ਰਸਤੇ ਵਿੱਚ ਉਸ ਨੇ ਦੱਸਿਆ ਕਿ ਪਿੰਡ ਦੇ ਕੁਲਦੀਪ ਸਿੰਘ ਬਲਜੀਤ ਸਿੰਘ ਕੋਲੋ ਉਸ ਨੇ ਨਸ਼ਾ ਲਿਆ ਸੀ । ਇੰਨਾ ਦੱਸ ਦੇ ਹੀ ਰਾਹ ਵਿੱਚ ਵੀ ਅਕਾਸ਼ਦੀਪ ਦੀ ਮੌਤ ਹੋ ਗਈ ।
ਪੁਲਿਸ ਨੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ‘ਤੇ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਦੇ ਖਿਲਾਫ 304 ਦਾ ਮਾਮਲਾ ਦਰਜ ਕਰ ਲਿਆ ਹੈ । ਪਰ ਸਿਰਫ਼ ਮਾਮਲਾ ਦਰਜ ਕਰਨ ਨਾਲ ਕੁਝ ਨਹੀਂ ਹੋਵੇਗਾ। ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਨਸ਼ੇ ਨਾਲ ਪੀੜਤ ਬੱਚੇ ਦੀ ਮੌਤ ਦੀ ਖਬਰ ਨਾ ਆਉਂਦੀ ਹੋਵੇ । ਸਰਕਾਰ ਨਸ਼ਾ ਖਤਮ ਕਰਨ ਦਾ ਦਾਅਵਾ ਵੀ ਕਰਦੀ ਹੈ ਅਤੇ 2 -3 ਰੇਡ ਮਾਰੀ ਜਾਂਦੀ ਹੈ ਪਰ ਨਤੀਜਾ ਸਿਫਰ ਸਾਬਿਤ ਹੁੰਦਾ ਹੈ ।