ਅਬੋਹਰ : ਮੋਹਾਲੀ ਤੋਂ ਅਬੋਹਰ ਆਪਣੇ ਮਾਤਾ-ਪਿਤਾ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਥਾਣਾ ਸਿਟੀ ਵਨ ਦੀ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਅਤੇ ਕਤਲ ਦੇ ਦੋਸ਼ ‘ਚ ਚਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਪੂਰੀ ਘਟਨਾ ਨਸ਼ੇ ਨਾਲ ਸਬੰਧਤ ਪਾਈ ਗਈ, ਪੁਲਿਸ ਵੱਲੋਂ ਨਾਮਜ਼ਦ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਉਹ ਕਰੀਬ 10 ਦਿਨ ਪਹਿਲਾ ਅਬੋਹਰ ਆਪਣੇ ਪਰਿਵਾਰ ਵਿਚ ਆਇਆ ਸੀ । ਮ੍ਰਿਤਕ ਦੀ ਲਾਸ਼ ਅਬੋਹਰ ਦੀ ਜੰਮੂ ਬਸਤੀ ਇਲਾਕੇ ਦੀਆਂ ਝਾੜੀਆਂ ਵਿਚੋਂ ਬਰਾਮਦ ਹੋਈ ਸੀ ।
ਪੁਲਿਸ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋ ਬਾਅਦ ਅਬੋਹਰ ਥਾਣਾ ਪੁਲਿਸ ਦੇ ਮੁਖੀ ਮਨਿੰਦਰ ਸਿੰਘ ਵਲੋਂ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਵਲੋਂ ਦਿੱਤੇ ਗਏ ਬਿਆਨ ਦੇ ਅਧਾਰ ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਚਾਰ ਦੋਸਤ ਹੀ ਆਪਣੇ ਦੋਸਤ ਦੇ ਕਤਲ ਮਾਮਲੇ ਵਿਚ ਸ਼ਾਮਲ ਹਨ ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਮਨਿੰਦਰ 15 ਦਿਨ ਪਹਿਲਾਂ ਹੀ ਮੈਕਸ ਹਸਪਤਾਲ ਮੁਹਾਲੀ ਤੋਂ ਵਾਪਸ ਆਇਆ ਸੀ ਅਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਪਰ ਉਹ ਪਿਛਲੇ ਦੋ ਮਹੀਨਿਆਂ ਤੋਂ ਨਸ਼ੇ ਤੋਂ ਦੂਰ ਸੀ। ਕੱਲ੍ਹ ਦੁਪਹਿਰ ਉਸ ਦਾ ਲੜਕਾ ਮਨਿੰਦਰ ਸਿੰਘ ਘਰੋਂ ਆਪਣਾ ਸਾਈਕਲ ਅਤੇ ਫ਼ੋਨ ਲੈ ਕੇ ਕਿਤੇ ਚਲਾ ਗਿਆ, ਕੁਝ ਸਮੇਂ ਬਾਅਦ ਜਦੋਂ ਉਸ ਨੇ ਫ਼ੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਸੀ। ਜਿਸ ਤੋਂ ਬਾਅਦ ਕੱਲ੍ਹ ਦੁਪਹਿਰ ਉਸ ਦੀ ਲਾਸ਼ ਝਾੜੀਆਂ ਵਿੱਚ ਪਈ ਮਿਲੀ।
ਥਾਣਾ ਮੁਖੀ ਅਨੁਸਾਰ ਮ੍ਰਿਤਕ ਪਹਿਲਾ ਨਸ਼ੇ ਦਾ ਆਦਿ ਸੀ ਅਤੇ ਉਸਦੇ ਪਰਿਵਾਰ ਵਲੋਂ ਹਰਿਆਣਾ ਦੇ ਇੱਕ ਨਸ਼ਾ ਛਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ । ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਵਲੋ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਵਿਚ ਜਾਣਕਾਰੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਪੁਲਿਸ ਮੁਤਾਬਿਕ ਇਸ ਮਾਮਲੇ ਵਿਚ ਮ੍ਰਿਤਕ ਦੇ ਤਿੰਨ ਦੋਸਤਾਂ ਨੁ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਅਮਨਦੀਪ ਸਿੰਘ ਉਰਫ ਸੂਰਜ ਵਾਸੀ ਨਿਊ ਧਰਮ ਨਗਰੀ, ਚੰਚਲ ਵਾਸੀ ਬਾਬਾ ਜੀਵਨ ਸਿੰਘ ਨਗਰ ਅਤੇ ਸਿਮਰਨਜੀਤ ਸਿੰਘ ਉਰਫ ਗੁਰੀ ਵਾਸੀ ਬਾਬਾ ਜੀਵਨ ਸਿੰਘ ਨਗਰ ਵਜੋਂ ਹੋਈ ਹੈ ਜਦਕਿ ਹਰਮੇਲ ਸਿੰਘ ਉਰਫ ਹੈਪੀ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ ।
ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 103, 61 (2), 238 ਤਹਿਤ ਕੇਸ ਦਰਜ ਕਰ ਲਿਆ ਹੈ।