‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਵਿੱਚ ਇੱਕ ਫਿਲਮ ਚੱਲ ਰਹੀ ਹੈ। ਉਸ ਫਿਲਮ ਦੇ ਡਾਇਰੈਕਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਸ ਫਿਲਮ ਦਾ ਕਿਰਦਾਰ, ਐਕਟਰ ਬਸਪਾ ਅਤੇ ਅਕਾਲੀ ਦਲ ਹੈ। ਇਹ ਦੋਵੇਂ ਲੀਡ ਐਕਟਰ ਹਨ। ਡਾਇਰੈਕਟਰ ਦੇ ਕਹਿਣ ‘ਤੇ ਇਨ੍ਹਾਂ ਦੋਵਾਂ ਐਕਟਰਾਂ ਵਿੱਚ ਜੁਗਲਬੰਦੀ ਕਰਵਾਈ ਜਾ ਰਹੀ ਹੈ। ਮੋਦੀ ਦੇ ਕਹਿਣ ‘ਤੇ, ਮੋਦੀ ਦੇ ਇਸ਼ਾਰੇ ‘ਤੇ ਅਤੇ ਮੋਦੀ ਦੀ ਵਜ੍ਹਾ ਕਰਕੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਗੱਠਜੋੜ ਹੋਇਆ ਹੈ। ਬਸਪਾ ਅਤੇ ਅਕਾਲੀ ਦਲ ਕਠਪੁਤਲੀਆਂ ਹਨ ਅਤੇ ਉਨ੍ਹਾਂ ਦੀ ਡੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿੱਚ ਹੈ।
ਇਸ ਗੱਠਜੋੜ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜ਼ਿੰਮੇਵਾਰ ਹੈ, ਜੋ ਅੱਜ ਆਮ ਆਦਮੀ ਪਾਰਟੀ ਨੂੰ ਹਰ ਕੀਮਤ ‘ਚ ਪੰਜਾਬ ਵਿੱਚ ਰੋਕਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਸਪਾ ਅਤੇ ਬੀਜੇਪੀ ਚਾਰੇ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਰੋਕਣਾ ਚਾਹੁੰਦੀਆਂ ਹਨ। ਇਸ ਲਈ ਅੱਜ ਇਹ ਘਬਰਾਹਟ ਵਿੱਚ ਇੱਕ-ਦੂਸਰੇ ਦਾ ਸਹਾਰਾ ਲੱਭ ਰਹੀਆਂ ਹਨ।
ਪੰਜਾਬ ਵਿੱਚ ‘ਆਪ’ ਨੂੰ ਰੋਕਣ ਲਈ ਦੋ ਗੱਠਜੋੜ ਕੀਤੇ ਜਾ ਰਹੇ ਹਨ। ਇੱਕ ਹੈ formal alliance, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸ਼ਾਮਿਲ ਹੈ ਅਤੇ ਦੂਜਾ ਹੈ informal alliance, ਜਿਸ ਵਿੱਚ ਮੋਦੀ, ਕੈਪਟਨ ਅਤੇ ਬਾਦਲ ਪਰਿਵਾਰ ਸ਼ਾਮਿਲ ਹੈ। ਪੰਜਾਬ ਵਿੱਚ ਸਭ ਤੋਂ ਮਾੜੀ ਪਾਰਟੀ ਅਕਾਲੀ ਦਲ ਹੈ। ਬੀਜੇਪੀ ਨੂੰ ਤਾਂ ਪੰਜਾਬ ਦੇ ਲੋਕ ਪਿੰਡਾਂ ਵਿੱਚ, ਘਰਾਂ ਵਿੱਚ ਨਹੀਂ ਵੜਨ ਦੇ ਰਹੇ। ਆਮ ਆਦਮੀ ਪਾਰਟੀ ਆਪਣੇ ਦਮ ‘ਤੇ ਪੰਜਾਬ ਵਿੱਚ ਚੋਣ ਲੜੇਗੀ ਅਤੇ ਜਿੱਤੇਗੀ, ਅਸੀਂ ਕੋਈ ਵੀ ਗੱਠਜੋੜ ਨਹੀਂ ਬਣਾਵਾਂਗੇ।