The Khalas Tv Blog Punjab ‘ਆਪ’ ਦੇ ਐਲਾਨ ਦਾ ਪੰਜਾਬ ਦੇ ਲੀਡਰਾਂ ਨੇ ਕੱਢਿਆ ਜਲੂਸ
Punjab

‘ਆਪ’ ਦੇ ਐਲਾਨ ਦਾ ਪੰਜਾਬ ਦੇ ਲੀਡਰਾਂ ਨੇ ਕੱਢਿਆ ਜਲੂਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ‘2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਆਮ ਆਦਮੀ ਪਾਰਟੀ ਉਤਰੇਗੀ। ਮੁੱਖ ਮੰਤਰੀ ਲਈ ਉਮੀਦਵਾਰ ਛੇਤੀ ਹੀ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਜੁੜੇ ਹੋਏ ਫੈਸਲੇ ਪੰਜਾਬ ਇਕਾਈ ਹੀ ਲਵੇਗੀ, ਚੋਣਾਂ ਨੂੰ ਲੈ ਕੇ ਫੈਸਲੇ ਪੰਜਾਬ ‘ਆਪ’ ਦੇ ਲੀਡਰਾਂ ਵੱਲੋਂ ਹੀ ਕੀਤੇ ਜਾਣਗੇ, ਚੋਣ ਪ੍ਰਬੰਧ ਦਿੱਲੀ ਤੋਂ ਨਹੀਂ ਕੀਤਾ ਜਾਵੇਗਾ’।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਚੱਢਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ‘ਇਹ ਇਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਹਰ ਵਾਰ ਦਿੱਲੀ ਤੋਂ ਉਮੀਦਵਾਰ ਚੁਣੇ ਜਾਂਦੇ ਹਨ, ਜਿਸ ਕਰਕੇ ਭਗਵੰਤ ਸਿੰਘ ਮਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ‘ਆਪ’ ਆਪਣੇ ਲੀਡਰਾਂ ਨੂੰ ਨਹੀਂ ਸੰਭਾਲ ਸਕੀ, ਇਹ ਲੋਕਾਂ ਨੂੰ ਕਿੱਥੋਂ ਸੰਭਾਲ ਲੈਣਗੇ’।

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਲਟੋਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਪੰਜਾਬ ਨੇ ਸਾਨੂੰ 20 ਸੀਟਾਂ ਦਾ ਮਾਣ ਬਖਸ਼ਿਆ ਹੈ। ਸਾਡਾ ਲੀਡਰ ਲੋਕਾਂ ਨੂੰ ਕਹਿੰਦਾ ਹੈ ਕਿ ਜੇ ਅਸੀਂ ਕੰਮ ਕੀਤਾ ਹੈ ਤਾਂ ਸਾਨੂੰ ਵੋਟ ਪਾਉ ਪਰ ਇਨ੍ਹਾਂ ਦਾ ਕੋਈ ਵੀ ਲੀਡਰ ਇਹ ਗੱਲ ਨਹੀਂ ਕਹਿ ਸਕਦਾ। ਮੁੱਖ ਮੰਤਰੀ ਦਾ ਚਿਹਰਾ ਪੰਜਾਬ ਤੋਂ ਹੀ ਹੋਵੇਗਾ’।

ਕਾਂਗਰਸ ਵਿਧਾਇਕ ਲਖਬੀਰ ਲੱਖਾ ਨੇ ‘ਆਪ’ ਦੇ ਦਾਅਵੇ ਦਾ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਮੁੱਖ ਮੰਤਰੀ ਲਈ ਚਿਹਰਾ ਭਾਵੇਂ ਪੰਜਾਬ ਤੋਂ ਜਾਂ ਦਿੱਲੀ ਤੋਂ ਐਲਾਨਣ, ਲੋਕਾਂ ਨੇ 2017 ਵਿੱਚ ਇਨ੍ਹਾਂ ਦੀ ਜਿੰਨੀ ਬੇਇੱਜ਼ਤੀ ਕੀਤੀ ਹੈ, ‘ਆਪ’ ਪੰਜਾਬ ਵਿੱਚ ਸਿਰਫ 20 ਸੀਟਾਂ ‘ਤੇ ਹੀ ਰਹਿ ਸਕੀ ਹੈ। ਸਾਨੂੰ ਕੋਈ ਚਿੰਤਾ ਨਹੀਂ ਹੈ ਕਿ ਇਹ ਜਿਸਨੂੰ ਮਰਜ਼ੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ’।

ਭਾਜਪਾ ਲੀਡਰ ਰਜਿੰਦਰ ਭੰਡੋਰੀ ਨੇ ਕਿਹਾ ਕਿ ‘ਜੋ ਕਰਨਾ ਹੈ, ਕੇਜਰੀਵਾਲ ਨੇ ਕਰਨਾ ਹੈ। ਪਹਿਲਾਂ ਇਹ ਗੱਲ ਬਹੁਤ ਫੈਲੀ ਸੀ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ‘ਆਪ’ ਝੂਠ ਦੀ ਫੈਕਟਰੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਕੌਣ ਹੁੰਦੇ ਹਨ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਾਲੇ, ਪੰਜਾਬ ਦੇ ਵਿਧਾਇਕ, ਪੰਜਾਬ ਦੀ ਲੀਡਰਸ਼ਿਪ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਇਹ ਮਜ਼ਾਕੀਆ ਬੰਦੇ ਭਰਤੀ ਕਰੀ ਜਾਂਦੇ ਹਨ ਅਤੇ ਉਸ ਵਿੱਚੋਂ ਹੀ ਕਿਸੇ ਨੂੰ ਮੁੱਖ ਮੰਤਰੀ ਬਣਾ ਦੇਣਗੇ। ਇੱਥੇ ਮਜ਼ਾਕੀਆ ਲੋਕ ਨਹੀਂ ਚਾਹੀਦੇ, ਇੱਥੇ ਗੰਭੀਰ ਲੋਕ ਚਾਹੀਦੇ ਹਨ’।

Exit mobile version