‘ਦ ਖ਼ਾਲਸ ਬਿਊਰੋ :ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ‘ਤੋਂ ਪਹਿਲਾਂ ਇਹ ਜਿੱਤ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਨੇ 1997 ਵਿੱਚ ਮਿਲ ਕੇ ਹਾਸਲ ਕੀਤੀ ਸੀ। ਪਿਛਲੇ 56 ਸਾਲਾਂ ਵਿੱਚ ਕਿਸੇ ਇੱਕ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ। ਚੋਣਾਂ ਵਿੱਚ ‘ਆਪ’ ਨੇ ਤਿੰਨ-ਚੌਥਾਈ ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਨੇ 18, ਅਕਾਲੀ ਦਲ ਨੇ 3, ਭਾਜਪਾ ਨੂੰ 2 ਅਤੇ ਬਸਪਾ ਨੇ 1 ਸੀਟ ਜਿੱਤੀ। ਇਸ ਦੇ ਨਾਲ ਹੀ ਇੱਕ ਆਜ਼ਾਦ ਉਮੀਦਵਾਰ ਵੀ ਜੇਤੂ ਬਣਿਆ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਤੋਂ ਬਾਅਦ ਹੁਣ ‘ਆਪ’ ਪੰਜਾਬ ‘ਚ ਆਪਣੀ ਦੂਜੀ ਸਰਕਾਰ ਬਣਾਏਗੀ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ‘ਇਨਕਲਾਬ’ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਆਉਣ ਵਾਲੇ ਦਿਨਾਂ ‘ਚ ਰਾਸ਼ਟਰੀ ਪੱਧਰ ‘ਤੇ ਕਾਂਗਰਸ ਦੀ ਜਗ੍ਹਾ ਬਣ ਕੇ ਉਭਰੇਗੀ। ਪੰਜਾਬ ਦੇ ਮੁੱਖ ਮੰਤਰੀ ਚੰਨੀ, ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਵੱਡੇ ਸਿਆਸੀ ਲੀਡਰਾਂ ਨੂੰ ਚੋਣ ਨਤੀਜਿਆਂ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਭਦੌੜ ਤੋਂ ‘ਆਪ’ ਦੇ ਲਾਭ ਸਿੰਘ ਉਗੋਕੇ ਨੇ 37,558 ਵੋਟਾਂ ਦੇ ਫਰਕ ਨਾਲ ਹਰਾਇਆ। ਉਹ ਚਮਕੌਰ ਸਾਹਿਬ ਤੋਂ ਵੀ ਹਾਰ ਗਏ ਸਨ, ਜਿੱਥੇ ਉਹ ‘ਆਪ’ ਦੇ ਚਰਨਜੀਤ ਸਿੰਘ ਤੋਂ 7,942 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਪਿਛਲਾ ਰਿਕਾਰਡ ਦੇਖਿਏ ਤਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ ਨੇ 77 ਸੀਟਾਂ ਜਿੱਤ ਕੇ 10 ਸਾਲਾਂ ਦੇ ਅਕਾਲੀ-ਭਾਜਪਾ ਰਾਜ ਦਾ ਅੰਤ ਕੀਤਾ ਸੀ। ‘ਆਪ’ ਨੂੰ 20 ਸੀਟਾਂ ਮਿਲੀਆਂ ਸਨ ਜਦੋਂ ਕਿ ਅਕਾਲੀ ਦਲ-ਭਾਜਪਾ ਗਠਜੋੜ ਨੂੰ 18 ਅਤੇ ਲੋਕ ਇਨਸਾਫ ਪਾਰਟੀ ਨੂੰ ਦੋ ਸੀਟਾਂ ਤੇ ਹੀ ਸਬਰ ਕਰਨਾ ਪਿਆ ਸੀ ।
ਇਸ ਵਾਰ ‘ਆਪ’ ਨੂੰ ਕੁੱਲ ਪਈਆਂ ਵੋਟਾਂ ਦਾ 44% ਮਿਲਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ 23% ਵੋਟਾਂ ਮਿਲੀਆਂ। ਜਦੋਂ ਕਿ ਅਕਾਲੀ ਦਲ ਨੇ 18.4 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ।