ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਵਿੱਚ 13-0 ਦਾ ਦਾਅਵਾ ਕੀਤਾ ਸੀ, ਪਰ ਪਾਰਟੀ ਸਿਰਫ਼ 3 ਸੀਟਾਂ ਹਾਸਲ ਕਰਨ ਵਿੱਚ ਹੀ ਕਾਮਯਾਬ ਹੋ ਸਕੀ। ਹੁਣ ਮੁੱਖ ਮੰਤਰੀ ਪਾਰਟੀ ਦੀ ਇਸ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਚਾਰਾਜੋਈ ਕਰ ਰਹੇ ਹਨ।
ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਦੇ ਕਾਰਨਾਂ ਦੀ ਤਹਿ ਤੱਕ ਜਾਵੇਗੀ। ਪਾਰਟੀ ਸੂਬੇ ਵਿੱਚ ਸਰਕਾਰ ਹੋਣ ਦੇ ਬਾਵਜੂਦ 13 ਲੋਕ ਸਭਾ ਸੀਟਾਂ ’ਚੋਂ ਸਿਰਫ ਤਿੰਨ ’ਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਸ ਮਾਮਲੇ ’ਤੇ ਹੁਣ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। CM ਭਗਵੰਤ ਮਾਨ ਭਲਕੇ ਆਪਣੇ ਸਾਰੇ ਵਿਧਾਇਕਾਂ ਤੇ ਮੈਂਬਰਾਂ ਨਾਲ ਹਲਕਾ ਵਾਈਜ਼ ਮੀਟਿੰਗ ਕਰਨਗੇ।
ਹਾਰਨ ਵਾਲੇ ਹਲਕਿਆਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਉਨ੍ਹਾਂ 3 ਸੰਸਦ ਮੈਂਬਰਾਂ ਤੇ ਉੱਥੋਂ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਤੇ ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਦੇ ਹਲਕੇ ਸ਼ਾਮਲ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਨੇ ਆਪਣੇ ਖੁਫ਼ਿਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ ਵਿੱਚ ਆਈਆਂ ਕਮੀਆਂ ਬਾਰੇ ਰਿਪੋਰਟ ਮੰਗੀ ਹੈ। ਜੋ ਕਿ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਪਹੁੰਚ ਜਾਵੇਗੀ। ਹਾਲਾਂਕਿ ਮੰਤਰੀ ਮੰਡਲ ਵਿੱਚ ਤੁਰੰਤ ਫੇਰਬਦਲ ਦੀ ਕੋਈ ਕਾਹਲੀ ਨਹੀਂ ਕੀਤੀ ਜਾ ਰਹੀ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੀ ਮੀਟਿੰਗਾਂ ਦਾ ਦੌਰ 7 ਜੂਨ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਪਾਰਟੀ ਦੇ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਮੀਟਿੰਗ ਵਿੱਚ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾਵੇਗਾ, ਜਿਨ੍ਹਾਂ ਦੀ ਵਜ੍ਹਾ ਕਰਕੇ ਪਾਰਟੀ ਦਾ ਇਸ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੀਆਂ ਟੀਮਾਂ ਵੀ ਆਪਣੀ ਰਿਪੋਰਟ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਤੇ ਮੰਗ ਪੱਤਰਾਂ ’ਤੇ ਵੀ ਕੰਮ ਕਰਨ ਦੇ ਹੁਕਮ ਦਿੱਤੇ ਹਨ।
ਕਰੀਬ ਢਾਈ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ 117 ਵਿੱਚੋਂ 92 ਸੀਟਾਂ ਮਿਲੀਆਂ ਸਨ। ਪਰ ਇਸ ਚੋਣ ਵਿੱਚ 54 ਵਿਧਾਨ ਸਭਾ ਹਲਕਿਆਂ ਵਿੱਚ ਸਿੱਧੀ ਹਾਰ ਹੋਈ ਹੈ, ਜਦਕਿ ਸਿਰਫ 32 ਵਿੱਚ ਹੀ ਲੀਡ ਮਿਲ ਸਕੀ ਹੈ। ਇਸ ਗੱਲ ਨੇ ਪਾਰਟੀ ਆਗੂਆਂ ਦੀ ਵੀ ਨੀਂਦ ਉਡਾ ਦਿੱਤੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਹਲਕਿਆਂ ਵਿੱਚ ਲੀਡ ਮਿਲੀ ਹੈ, ਉਹ ਵੀ ਬਹੁਤ ਜ਼ਿਆਦਾ ਨਹੀਂ ਹੈ। ਵਿਰੋਧੀ ਪਾਰਟੀਆਂ ਦੀ ਵੋਟ ਪ੍ਰਤੀਸ਼ਤਤਾ ਵੀ ਵਧੀ ਹੈ।
ਇਸ ’ਤੇ ਹੁਣ ਪਾਰਟੀ ਦਾ ਥਿੰਕ ਟੈਂਕ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਰ ਚੋਣ ਪ੍ਰਚਾਰ ਦੀ ਕਮਾਨ ਖ਼ੁਦ ਸੀਐਮ ਭਗਵੰਤ ਮਾਨ ਦੇ ਹੱਥ ਸੀ। ਇਸ ਚੋਣ ਵਿੱਚ ਉਹ ਖ਼ੁਦ ਪਾਰਟੀ ਦਾ ਚਿਹਰਾ ਸਨ। ਇਸ ਤੋਂ ਇਲਾਵਾ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਡਾ: ਸੰਦੀਪ ਪਾਠਕ ਨੇ ਪੰਜਾਬ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ।