‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਨੇ 28 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਮੇਰਠ ਵਿੱਚ ਮਹਾਂ-ਸੰਮੇਲਨ ਕਰਵਾਉਣ ਦਾ ਐਲਾਨ ਕੀਤਾ ਹੈ। ‘ਆਪ’ ਪਾਰਟੀ ਨੇ 21 ਮਾਰਚ ਨੂੰ ਪੰਜਾਬ ਦੇ ਬਾਘਪੁਰਾਣਾ ਵਿੱਚ ਵੀ ਕਿਸਾਨ ਮਹਾਂਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਮਹਾਂ-ਪੰਚਾਇਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਣਗੇ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਦੀ ਨੀਅਤ ਹੀ ਨਹੀਂ ਹੈ। ਕਿਸਾਨ ਕਹਿ ਰਹੇ ਹਨ ਕਿ ਖੇਤੀ ਕਾਨੂੰਨ ਉਨ੍ਹਾਂ ਲਈ ਮੌਤ ਦੇ ਵਾਰੰਟ ਹਨ, ਮੌਤ ਦੇ ਵਾਰੰਟ ਵਿੱਚ ਸੋਧ ਨਹੀਂ ਹੋ ਸਕਦੀ, ਇਹ ਵਾਪਸ ਲਏ ਜਾਣਗੇ ਤਾਂ ਹੀ ਕਿਸਾਨਾਂ ਦੀ ਜਾਨ ਬਚੇਗੀ’। ਭਗਵੰਤ ਮਾਨ ਨੇ ਕਿਹਾ ਕਿ ‘ਸੋਧ ਦਾ ਮਤਲਬ ਹੈ ਕਿ ਫਾਂਸੀ ਤਾਂ ਤੁਹਾਨੂੰ ਹੋਵੇਗੀ, ਪਰ ਤੁਸੀਂ ਤਰੀਕਾ ਚੁਣ ਲਉ ਕਿਹੜਾ ਚਾਹੀਦਾ ਹੈ। ਤਿੰਨੇ ਖੇਤੀ ਕਾਨੂੰਨ ਅਕਾਲੀ ਦਲ ਦੀ ਦੇਣ ਹਨ।