Punjab

‘ਆਪ’ ਨੇ ਪੈਸੇ ਲੈ ਕੇ ਵੇਚੀਆਂ ਟਿਕਟਾਂ : ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਕੇਜਰੀਵਾਲ ਨੇ ਪੈਸੇ, ਕਾਰਾਂ ਅਤੇ ਕੋਠੀਆਂ ਲੈ ਕੇ ਪਾਰਟੀ ਦੀਆਂ ਟਿਕਟਾਂ ਵੇਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ 117 ਉਮੀਦਵਾਰਾਂ ਵਿੱਚੋਂ 65 ਉਮੀਦਵਾਰ ਦਲ ਬਦਲੂਆਂ ਨੂੰ ਪਾਰਟੀ ਵਿੱਚ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਕੇਜਰੀਵਾਲ ਪੰਜਾਬ ਵਿੱਚ ਨਹੀਂ ਆਇਆ ਅਤੇ ਹੁਣ ਪੰਜਾਬ ਦੀਆਂ ਕੰਧਾਂ ਉਤੇ ‘ਇੱਕ ਮੌਕਾ ਕੇਜਰੀਵਾਲ ਨੂੰ’ ਲਿਖਵਾ ਕੇ ਪੰਜਾਬ ਦੇ ਲੋਕਾਂ ਤੋਂ ਮੌਕਾਂ ਮੰਗ ਰਿਹਾ ਹੈ।

ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ  ਪਿਛਲੇ ਪੰਜ ਸਾਲ ਤੋਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਲੁੱਟ ਕੇ ਬਰਬਾਦ ਕਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਜੋ ਹਮੇਸ਼ਾਂ ਹੀ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਆਮ ਲੋਕਾਂ ਦੇ ਹੱਕਾਂ ਵਾਸਤੇ ਲੜਨ ਲਈ ਖੜ੍ਹੀ ਰਹਿੰਦੀ ਹੈ।. ਉਨਾਂ ਨੇ ਕਿਹਾ ਕਿ ਵਿਕਾਸ ਦਾ ਦੂਜਾ ਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ ਹੈ।