‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਫਤਿਹ ਕਿੱਟ ਦਾ ਟੈਂਡਰ ਜਿਸ ਕੰਪਨੀ ਨੂੰ ਦਿੱਤਾ ਹੈ, ਉਸਦੀ ਕਿਤੇ ਵੀ ਰਜਿਸਟ੍ਰੇਸ਼ਨ ਨਹੀਂ ਹੈ। ਕੱਪੜੇ ਬਣਾਉਣ ਵਾਲੀ ਕੰਪਨੀ, ਜੋ ਕਿ ਕੈਪਟਨ ਦੀ ਨਜ਼ਦੀਕੀ ਕੰਪਨੀ ਹੈ, ਉਸ ਕੰਪਨੀ ਨੂੰ ਫਤਿਹ ਕਿੱਟ ਸਪਲਾਈ ਕਰਨ ਦਾ ਸਾਰਾ ਠੇਕਾ, ਉਹ ਵੀ 500 ਰੁਪਏ ਵਧਾ ਕੇ ਠੇਕਾ ਦੇ ਦਿੱਤਾ ਗਿਆ ਹੈ। ‘ਆਪ’ ਨੇ ਪੰਜਾਬ ਦੇ ਲੋਕਪਾਲ ਨੂੰ ਇਸ ਮਾਮਲੇ ਦੀ ਜਾਂਚ ਲਈ ਮੰਗ ਕੀਤੀ ਹੈ।
ਉਨ੍ਹਾਂ ਨੇ ਆਪਣੀ ਪਾਰਟੀ ਦੇ ਵਰਕਰਾਂ ‘ਤੇ ਦਰਜ ਕੀਤੇ ਗਏ ਮਾਮਲਿਆਂ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਜੇ ਲੱਗਦਾ ਹੈ ਕਿ ਇਨ੍ਹਾਂ ਪਰਚਿਆਂ ਤੋਂ ਡਰ ਕੇ ਆਮ ਆਦਮੀ ਪਾਰਟੀ ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਪਰਦਾ ਉਠਾਉਣਾ ਛੱਡ ਦੇਵੇਗੀ ਤਾਂ ਇਹ ਉਨ੍ਹਾਂ ਦੀ ਗਲਤ-ਫਹਿਮੀ ਹੈ। ਸਾਨੂੰ ਪਰਚਿਆਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਹੈ।
ਜਰਨੈਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਰੀਸ ਕਰਦਾ ਹੈ। ਪਹਿਲਾਂ ਆਮ ਆਦਮੀ ਪਾਰਟੀ ਨੇ ਮੁਹਾਲੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ, ਉਸੇ ਤਰ੍ਹਾਂ ਹੀ ਅਗਲੇ ਦਿਨ ਅਕਾਲੀ ਦਲ ਨੇ ਵੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਪਰਚੇ ਦੋਵਾਂ ਪਾਰਟੀਆਂ ‘ਤੇ ਹੋ ਗਏ ਹਨ। ਪੰਜਾਬ ਸਰਕਾਰ ਆਪਣੇ ਫਾਰਮ ਹਾਊਸ ਤੋਂ ਹੀ ਬਾਹਰ ਨਹੀਂ ਨਿਕਲ ਪਾ ਰਹੀ ਅਤੇ ਪੰਜਾਬ ਦੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਭਰੋਸੇ ਛੱਡਿਆ ਗਿਆ ਹੈ। ‘ਆਪ’ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਡਾ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ‘ਫ਼ਤਿਹ ਕਿੱਟ’ ਘੁਟਾਲੇ ਦੀ ਜਾਂਚ ਲਈ ਪੰਜਾਬ ਦੇ ਲੋਕਪਾਲ ਨੂੰ ਪੱਤਰ ਲਿਖਿਆ ਹੈ।
ਜਰਨੈਲ ਸਿੰਘ ਨੇ ਸਕੂਲ ਸਿੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੰਕੜਿਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਦਾ ਦਿੱਲੀ ਦੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਜਰਨੈਲ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ ਨੂੰ ਸਿਆਸੀ ਸਰਵੇ ਕਰਾਰ ਦਿੱਤਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਕਿਸੇ ਵੀ 10 ਸਕੂਲਾਂ ਦੀ ਤੁਲਨਾ ਕਰਕੇ ਵੇਖ ਲਵੋ, ਦਿੱਲੀ ਸਰਕਾਰ 25 ਫੀਸਦ ਬਜਟ ਸਿੱਖਿਆ ‘ਤੇ ਲਗਾ ਰਹੀ ਹੈ ਪਰ ਪੰਜਾਬ ਸਰਕਾਰ ਸਿੱਖਿਆ ਲਈ ਬੇਹੱਦ ਘੱਟ ਬਜਟ ਰੱਖ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਪਿਆਦੇ ਬਣੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ ਵਿੱਚ ਪੰਜਾਬ ਸਮੇਤ 5 ਸੂਬਿਆਂ ਨੂੰ A++ ਗ੍ਰੇਡ ਮਿਲਿਆ ਹੈ ਪਰ ਦਿੱਲੀ ਨੂੰ ਸਿਰਫ A+ ਗ੍ਰੇਡ ਹੀ ਮਿਲਿਆ ਹੈ।