Punjab

ਗ੍ਰਿਫ਼ਤਾਰੀ ਤੋਂ ਬਾਅਦ ‘ਆਪ’ ਵਿਧਾਇਕ ਦੀ ਸਿਹਤ ਵਿਗੜੀ: ED ਨੇ ਗੱਜਣਮਾਜਰਾ ਨੂੰ PGI ‘ਚ ਕਰਵਾਇਆ ਦਾਖਲ

AAP MLA's health deteriorated after arrest: ED admitted Gajjan Majra to PGI

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਬੀਤੇ ਦਿਨੀਂ ਈ ਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ 40 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦਾ ਦੋਸ਼ ਹੈ, ਪਰ ਗ੍ਰਿਫ਼ਤਾਰੀ ਪਿੱਛੋਂ ਵਿਧਾਇਕ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ ਜੀ ਆਈ ਵਿਚ ਦਾਖਲ ਕਰਵਾਇਆ ਗਿਆ ਹੈ।

ਗ੍ਰਿਫ਼ਤਾਰੀ ਦੇ ਬਾਅਦ ਵਿਧਾਇਕ ਗੱਜਣਮਾਜਰਾ ਦਾ ਜਲੰਧਰ ਵਿਚ ਮੈਡੀਕਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਪਿੱਛੋਂ ਵਿਧਾਇਕ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਸੋਮਵਾਰ ਨੂੰ ਜਦੋਂ ਈ ਡੀ ਨੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਸੰਗਰੂਰ ਵਿੱਚ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸੰਗਰੂਰ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ਵਿਧਾਇਕ ਹਨ। ਈ ਡੀ ਨੇ ਬੈਂਕ ਦੇ ਇੱਕ ਪੁਰਾਣੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਸਤੰਬਰ ਵਿਚ ਈ ਡੀ ਨੇ ਵਿਧਾਇਕ ਦੇ ਘਰ ਛਾਪਾ ਮਾਰਿਆ ਸੀ। ਉਨ੍ਹਾਂ ਦੇ ਘਰ ਈਡੀ ਦੇ ਅਧਿਕਾਰੀਆਂ ਨੇ ਲਗਭਗ 14 ਘੰਟੇ ਤੱਕ ਛਾਪੇ ਦੀ ਕਾਰਵਾਈ ਕੀਤੀ ਸੀ। ਉਦੋਂ ਮਾਜਰਾ ਨੇ ਦੱਸਿਆ ਸੀ ਕਿ ਈ ਡੀ ਦੀ ਟੀਮ ਨੇ ਉਨ੍ਹਾਂ ਦੇ ਘਰ ਤੋਂ 32 ਲੱਖ ਰੁਪਏ ਕੈਸ਼ ਤੇ ਤਿੰਨ ਮੋਬਾਈਲ ਫ਼ੋਨ ਆਪਣੇ ਨਾਲ ਲੈ ਗਈ।

ਮਈ 2022 ਵਿਚ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਮਲੇਰਕੋਟਲਾ ਸਥਿਤ ਜੱਦੀ ਘਰ ਸਣੇ ਤਿੰਨ ਥਾਵਾਂ ‘ਤੇ ਈ ਡੀ ਨੇ ਛਾਪੇ ਮਾਰੇ ਸਨ।