India Punjab

‘ਆਪ’ ਦੀ ਵਿਧਾਇਕਾ ਰੂਬੀ ਕਾਂਗਰਸ ‘ਚ ਸ਼ਾਮਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ‘ਆਪ’ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਇਹ ਐਲਾਨ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਕੀਤਾ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ। ਸਿੱਧੂ ਅਤੇ ਚੰਨੀ ਨੇ ਰਸਮੀ ਐਲਾਨ ਤੋਂ ਬਾਅਦ ਰੂਬੀ ਦੇ ਗਲ ਵਿੱਚ ਕਾਂਗਰਸ ਦਾ ਪਟਕਾ ਪਾਇਆ।

ਰੂਬੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਹੈ। ਪਾਰਟੀ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਵੱਡਾ ਅੰਤਰ ਹੈ। ਇਸਦੇ ਉਲਟ ਕਾਂਗਰਸ ਸਰਕਾਰ ਨੇ ਪਿਛਲੇ 50 ਦਿਨਾਂ ਵਿੱਚ ਜਿਹੜਾ ਲੋਕਾਂ ਲਈ ਕੰਮ ਕੀਤਾ, ਉਸ ਨੂੰ ਦੇਖਦਿਆਂ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ। ਉਸਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਤੋਂ ਵੀ ਦੁਖੀ ਹਨ ਕਿ ਆਪ ਨੂੰ ਪੰਜਾਬ ਲਈ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਮਿਲ ਰਿਹਾ ਹੈ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਪਾਰਟੀ ਪ੍ਰਧਾਨ ਨੂੰ ਲਗਾਤਾਰ ਖੂੰਝੇ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਕਈ ਚਿਰਾਂ ਤੋਂ ਆਮ ਆਦਮੀ ਦੀ ਸਰਕਾਰ ਲੱਭਦੀ ਫਿਰਦੀ ਸੀ ਅਤੇ ਇਹ ਰਾਜ 50 ਦਿਨਾਂ ਵਿੱਚ ਸਥਾਪਿਤ ਹੋ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੂਜੀਆਂ ਪਾਰਟੀਆਂ ਵਿੱਚੋਂ ਹੋਰ ਕਈ ਲੋਕ ਵੀ ਕਾਂਗਰਸ ਵਿੱਚ ਆਉਣ ਲਈ ਕਾਹਲੇ ਹਨ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਵੀ ਸਖ਼ਤ ਟਿੱਪਣੀਆਂ ਕੀਤੀਆਂ। ਨਵਜੋਤ ਸਿੰਘ ਸਿੱਧੂ ਨੇ ਰੂਬੀ ਨੂੰ ਜੀ ਆਇਆਂ ਕਿਹਾ। ਚੇਤੇ ਕਰਾਇਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਆਪ ਦੇ ਚਾਰ ਵਿਧਾਇਕ ਕਾਂਗਰਸ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਦਕਿ ਰੋਪੜ ਤੋਂ ਵਿਧਾਇਕ ਸੰਦੋਆ ਨੇ ਸ਼ਾਮਿਲ ਹੋਣ ਦਾ ਐਲਾਨ ਕਰਕੇ ਯੂ-ਟਰਨ ਲੈ ਲਿਆ ਸੀ।