Punjab

AAP ਵਿਧਾਇਕ ਨਰਿੰਦਰ ਕੌਰ ਭਰਾਜ ਲੈਣ ਜਾ ਰਹੇ ਲਾਵਾਂ, ਭਲਕੇ ਹੋਣ ਜਾ ਰਿਹਾ ਵਿਆਹ

AAP MLA Narinder Kaur Bharaj is going to get married tomorrow

ਮੁਹਾਲੀ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ(AAP MLA Narinder Kaur Bharaj) ਭਲਕ ਨੂੰ ਵਿਆਹ ਕਰਾਉਣ ਜਾ ਰਹੇ ਹਨ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। 7 ਅਕਤੂਬਰ ਨੂੰ ਉਹਨਾਂ ਦਾ ਵਿਆਹ ਪਟਿਆਲਾ ਵਿਚ ਮਨਦੀਪ ਲੱਖੇਵਾਲ ਨਾਲ ਹੋਵੇਗਾ ਜੋ ਕਿ ਆਮ ਆਦਮੀ ਪਾਰਟੀ ਦੇ ਹੀ ਆਗੂ ਹਨ।

ਆਪ’ ਨੇ ਪੰਜਾਬ ਅੰਦਰ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ, ਸੋ ਬਦਲਾਅ ਲਈ ਤਿਆਰ ਆਮ ਆਦਮੀ ਪਾਰਟੀ ਨੂੰ ਆਪਣਾ ਫ਼ਤਵਾ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਕ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਭਰਾਜ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਵਿਜੇਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਦੱਸ ਦਈਏ ਕਿ ਵਿਜੇਇੰਦਰ ਸਿੰਗਲਾ ਮੌਜੂਦਾ ਕਾਂਗਰਸ ’ਚ ਕੈਬਨਿਟ ਮੰਤਰੀ ਸਨ ਅਤੇ ਇਸ ਤੋਂ ਪਹਿਲਾਂ ਉਹ ਲੋਕ ਸਭਾ ਮੈਂਬਰ ਵੀ ਸੰਗਰੂਰ ਤੋਂ ਰਹਿ ਚੁੱਕੇ ਹਨ। ਨਰਿੰਦਰ ਭਰਾਜ ਨੇ ਵਿਜੇਇੰਦਰ ਸਿੰਗਲਾ ਨੂੰ 35868 ਵੋਟਾਂ ਨਾਲ ਹਰਾਇਆ। ਭਰਾਜ ਪੰਜਾਬ ’ਚ ਸਭ ਤੋਂ ਘੱਟ ਉਮਰ (27 ਸਾਲ) ’ਚ ਵਿਧਾਇਕਾ ਬਣੇ ਹਨ। ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਐਕਟਿਵਾ ਸਕੂਟਰੀ ’ਤੇ ਜਾ ਕੇ ਭਰੇ ਅਤੇ ਚੋਣ ਪ੍ਰਚਾਰ ਦੌਰਾਨ ਵੀ ਉਹ ਆਮ ਲੋਕਾਂ ’ਚ ਵਿਚਰਦੀ ਰਹੀ।
ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ. ਐੱਲ. ਬੀ. ਕੀਤੀ ਹੈ। ਭਰਾਜ ਦੋ ਵਾਰ ‘ਆਪ’ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣੀ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਨੌਜਵਾਨ ਪੀੜ੍ਹੀ ਵੱਲੋਂ ‘ਆਪ’ ਦਾ ਬੂਥ ਲਗਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਤਾਂ ਨਰਿੰਦਰ ਕੌਰ ਨੇ ਪਿੰਡ ਭਰਾਜ ’ਚ ਬੂਥ ਲਗਾਇਆ ਸੀ। ਭਰਾਜ ਸਾਂਝੇ ਪਰਿਵਾਰ ’ਚ ਰਹਿੰਦੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਤੇ ਚਾਚਾ-ਚਾਚੀ ਹਨ। ਉਨ੍ਹਾਂ ਦੇ ਭਰਾ ਦੀ ਛੋਟੀ ਉਮਰ ’ਚ ਹੀ ਮੌਤ ਹੋ ਗਈ ਸੀ।