ਪੰਜਾਬ ਵਿਧਾਨਸਭਾ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਜਾ ਰਹੀ ਟ੍ਰੀਟਮੈਂਟ ਦਾ ਮੁੱਦਾ ਚੁੱਕਿਆ
‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਪੰਜਾਬ ਆਈ ਸੀ। ਲਾਰੈਂਸ ਖਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕਤਲ ਦਾ ਮਾਮਲਾ ਅੰਮ੍ਰਿਤਸਰ ਵਿੱਚ ਵੀ ਦਰਜ ਹੈ। ਅੰਮ੍ਰਿਤਸਰ ਅਦਾਲਤ ਤੋਂ ਪੁਲਿਸ ਨੂੰ 8 ਦਿਨਾਂ ਦਾ ਰਿਮਾਂਡ ਮਿਲਿਆ ਸੀ ਪਰ ਵਿਧਾਨਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਲਾਰੈਂਸ ਬਿਸ਼ਨੋਈ ਨੂੰ ਪੇਸ਼ੀ ਦੌਰਾਨ ਅੰਮ੍ਰਿਤਸਰ ਪੁਲਿਸ ਵੱਲੋਂ ਦਿੱਤੇ ਗਏ VVIP Treatment ‘ਤੇ ਸਵਾਲ ਚੁੱਕੇ ਹਨ।
ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ‘ਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ‘ਤੇ ਅੰਮ੍ਰਿਤਸਰ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਇਸ ਨੂੰ ਗਲੈਮਰਾਇਜ਼ ਕੀਤਾ ਗਿਆ, ਸੁਰੱਖਿਆ ਮੁਲਾਜ਼ਮਾਂ ਦੀ ਵਰਦੀ ‘ਤੇ VVIP ਡਿਊਟੀ ‘ਤੇ ਤੈਨਾਤੀ ਦਾ ਸਟਿੱਕਰ ਲਗਾਇਆ ਗਿਆ ਸੀ, ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕੀ ਆਖਿਰ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਨੂੰ VVIP ਦੀ ਸੁਰੱਖਿਆ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਇਸ ਨਾਲ ਨੌਜਵਾਨਾਂ ਵਿੱਚ ਗਲਤ ਸੁਨੇਹਾ ਜਾਂਦਾ ਹੈ ਜਿਸ ਨਾਲ ਗੈਂਗਸਟਰ ਕਲਚਰ ਨੂੰ ਵਧਾਵਾ ਮਿਲੇਗਾ ਅਤੇ ਅੰਮ੍ਰਿਤਸਰ ਦੇ ਲੋਕਾਂ ਵਿੱਚ ਦਹਿਸ਼ਤ ਦੀ ਭਾਵਨਾ ਪੈਦਾ ਹੋਵੇਗੀ’।
ਬਿਸ਼ਨੋਈ ‘ਤੇ ਅੰਮ੍ਰਿਤਸਰ ਵਿੱਚ ਇਹ ਮਾਮਲਾ ਦਰਜ
ਅੰਮ੍ਰਿਤਸਰ ਪੁਲਿਸ ਨੂੰ 3 ਅਗਸਤ 2021 ਨੂੰ ਕਤਲ ਕੀਤੇ ਗਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਠ ਦਿਨਾ ਦਾ ਰਿਮਾਂਡ ਮਿਲਿਆ ਸੀ, ਜਦਕਿ ਪੁਲਿਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। 27 ਜੂਨ ਨੂੰ ਸ਼ਾਮ ਮਾਨਸਾ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲੀਸ ਨੇ 24 ਘੰਟੇ ਦੇ ਟਰਾਂਜ਼ਿਟ ਰਿਮਾਂਡ ’ਤੇ ਲਿਆ ਸੀ, ਜਿਸ ਤਹਿਤ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ,ਲਾਰੈਂਸ ਦੇ ਆਉਣ ਤੋਂ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਇੱਥੇ ਮੌਜੂਦ ਸਨ। SSOC ਦੀ ਸੁਰੱਖਿਆ ਪਹਿਲਾਂ ਨਾਲੋਂ ਹੋਰ ਸਖ਼ਤ ਕਰ ਦਿੱਤੀ ਗਈ ਸੀ। ਬਾਹਰ ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਥ੍ਰੀ ਲੇਅਰ ਸਕਿਓਰਿਟੀ ਲਗਾਈ ਗਈ ਸੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਸਨ।
ਰਾਣਾ ਕੰਧੋਵਾਲੀਆ ਕੇਸ ‘ਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋਵੇਗੀ। ਰਾਣਾ ਕੰਧੋਵਾਲੀਆ ਦੀ ਅਗਸਤ 2021 ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੰਧੋਵਾਲੀਆ ਕਤਲ ਕੇਸ ‘ਚ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਅਤੇ ਇਕ ਦਰਜਨ ਸ਼ਾਰਪ ਸ਼ੂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੰਜਾਬ ਦੇ ਮਾਝਾ ਖੇਤਰ ਵਿੱਚ ਬਿਸ਼ਨੋਈ ਗੈਂਗ ਦਾ ਸਹਿਯੋਗੀ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਇਸ ਕੇਸ ਵਿੱਚ ਮੁੱਖ ਮੁਲਜ਼ਮ ਹੈ।
ਅਗਸਤ 2021 ਵਿੱਚ ਅੰਮ੍ਰਿਤਸਰ ਵਿੱਚ ਰਾਣਾ ਕੰਧੋਵਾਲੀਆ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਹਸਪਤਾਲ ਵਿਖੇ ਇੱਕ ਔਰਤ ਦਾ ਪਤਾ ਲੈਣ ਆਇਆ ਸੀ। ਕਤਲ ਤੋਂ ਅਗਲੇ ਦਿਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਪੁਲੀਸ ਨੇ ਜੱਗੂ, ਜਗਰੋਸ਼ਨ ਸਿੰਘ ਹੁੰਦਲ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਣਾ ਕੰਧੋਵਾਲੀਆ ਅਤੇ ਜੱਗੂ ਭਗਵਾਨਪੁਰੀਆ ਦੀ ਆਪਸ ਵਿਚ ਦੁਸ਼ਮਣੀ ਚੱਲ ਰਹੀ ਸੀ ,ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈl


 
																		 
																		 
																		 
																		 
																		