India

ਦਿੱਲੀ ਚ ‘AAP’ ਨੂੰ ਵੱਡਾ ਝਟਕਾ! 2 ਵਿਧਾਇਕ ਆਪ ’ਚ ਸ਼ਾਮਲ!

ਬਿਉਰੋ ਰਿਪੋਰਟ – ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਹੋਇਆ ਹੈ ਜਿਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲਗਿਆ ਹੈ। ਕੇਜਰੀਵਾਲ ਸਰਕਾਰ ਵਿੱਚ ਸਾਬਕਾ ਮੰਤਰੀ ਰਾਜ ਕੁਮਾਰ ਆਨੰਦ ਅਤੇ ਤਿੰਨ ਹੋਰ ਆਪ ਆਗੂ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਵੀਨਾ ਆਨੰਦ ਨੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦਾ ਹੱਥ ਫੜ ਲਿਆ ਹੈ।

ਕੁਝ ਸਮੇਂ ਪਹਿਲਾਂ ਆਨੰਦ ਨੇ ਆਪ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਰਾਜ ਕੁਮਾਰ ਆਨੰਦ ਦੇ ਘਰ ED ਦੀ ਰੇਡ ਵੀ ਹੋਈ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਨੰਦ ਦੇ ਅਸਤੀਫ਼ੇ ਨੂੰ ਬੀਜੇਪੀ ਦਾ ਦਬਾਅ ਦੱਸਿਆ।

ਰਾਜਕੁਮਾਰ ਆਨੰਦ ਦੇ ਨਾਲ ਛੱਤਰਪੁਰ ਵਿਧਾਨਸਭਾ ਹਲਕੇ ਤੋਂ 2 ਵਾਰ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਵੀ ਬੀਜੇਪੀ ਵਿੱਚ ਸ਼ਾਮਲ ਹੋਏ ਹਨ। ਉਹ ਪਹਿਲਾਂ ਬੀਜੇਪੀ ਵਿੱਚ ਹੀ ਸਨ। ਉਨ੍ਹਾਂ ਦੇ ਨਾਲ ਰਤਨੇਸ਼ ਗੁਪਤਾ, ਸਚਿਨ ਰਾਏ ਅਤੇ ਆਪ ਦੇ ਕੌਂਸਲਰ ਉਮੇਦ ਸਿੰਘ ਫੋਗਾਟ ਵੀ ਬੀਜੇਪੀ ’ਚ ਸ਼ਾਮਲ ਹੋ ਗਏ ਹਨ। ਇੰਨਾਂ ਸਾਰੇ ਆਗੂਆਂ ਨੂੰ ਦਿੱਲੀ ਬੀਜੇਪੀ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਆਮ ਆਦਮੀ ਪਾਰਟੀ ਵਾਰ-ਵਾਰ ਬੀਜੇਪੀ ’ਤੇ ਆਪਰੇਸ਼ਨ ਲੋਟਸ ਦਾ ਇਲਜ਼ਾਮ ਲਗਾਉਂਦੀ ਰਹੀ ਹੈ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ ਤਾਂ ਕਿਧਰੇ ਨਾ ਕਿਧਰੇ ਬੀਜੇਪੀ ਦਾ ਆਪਰੇਸ਼ਨ ਲੋਟਸ ਸਹੀ ਵੀ ਸਾਬਿਤ ਹੋ ਰਿਹਾ ਹੈ।

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜਕੁਮਾਰ ਆਨੰਦ BSP ਵਿੱਚ ਸ਼ਾਮਲ ਹੋਏ ਸਨ ਪਰ ਕੁਝ ਹੀ ਮਹੀਨੇ ਬਾਅਦ ਉਨ੍ਹਾਂ ਨੇ ਬੀਜੇਪੀ ਦਾ ਹੱਥ ਫੜ ਲਿਆ ਹੈ ਉਨ੍ਹਾਂ ਨੇ ਕਿਹਾ ਮੇਰੀ ਘਰ ਵਾਪਸੀ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਕੁਮਾਰ ਆਨੰਦ ਨੂੰ 2020 ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਸੀ। ਰਾਜਕੁਮਾਰ ਆਨੰਦ ਦੀ ਪਤਨੀ ਵੀ ਪਟੇਲ ਨਗਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੀ ਹੈ।

ਰਾਜਕੁਮਾਰ ਆਨੰਦ ਦੇ ‘ਆਪ’ ਛੱਡਣ ਤੋਂ ਬਾਅਦ ਮੰਤਰੀ ਸੌਰਭ ਭਾਰਦਵਾਜ ਅਤੇ ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਰਾਜਕੁਮਾਰ ਆਨੰਦ ਨੇ ਜਾਂਚ ਏਜੰਸੀਆਂ ਦੇ ਦਬਾਅ ਹੇਠ ਆਮ ਆਦਮੀ ਪਾਰਟੀ ਛੱਡੀ ਹੈ। ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਵੀ ਕਿਹਾ ਸੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ ਨਵੰਬਰ ’ਚ ਰਾਜਕੁਮਾਰ ਆਨੰਦ ਦੇ ਟਿਕਾਣੇ ’ਤੇ ਵੀ ਛਾਪੇਮਾਰੀ ਕੀਤੀ ਸੀ। ਆਪ ਆਗੂਆਂ ਨੇ ਕਿਹਾ ਸੀ ਕਿ ਰਾਜਕੁਮਾਰ ਆਨੰਦ ਡਰੇ ਹੋਏ ਹਨ ਅਤੇ ਜਲਦੀ ਹੀ ਬੀਜੇਪੀ ’ਚ ਸ਼ਾਮਲ ਹੋਣਗੇ।