ਬਿਉਰੋ ਰਿਪੋਰਟ : ED ਨੇ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਡਿਟੇਨ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਈਡੀ ਨੇ ਉਨ੍ਹਾਂ ਨੂੰ ਡਿਟੇਨ ਕੀਤਾ ਉਸ ਵੇਲੇ ਉਹ ਆਪਣੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ । ਪਿਛਲੇ ਸਾਲ ਸਤੰਬਰ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ । ਇਹ ਛਾਪੇਮਾਰੀ ED ਵੱਲੋਂ ਮਾਰੀ ਗਈ ਸੀ ਉਨ੍ਹਾਂ ‘ਤੇ 41 ਕਰੋੜ ਬੈਂਕ ਧੋਖਾਧੜੀ ਦਾ ਕੇਸ ਸੀ ।
ED ਨੂੰ ਛਾਪੇਮਾਰੀ ਦੇ ਦੌਰਾਨ 32 ਲੱਖ ਕੈਸ਼ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਈ ਸੀ ਇਸ ਤੋਂ ਇਲਾਵਾ ਏਜੰਸੀ ਆਪਣੇ ਨਾਲ ਜਾਇਦਾਦ ਦੇ ਪੇਪਰ ਵੀ ਲੈ ਗਈ ਸੀ । ਵਿਧਾਇਕ ਗੱਜਣਮਾਜਰਾ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਮਾਲਿਕ ਸਨ । ਜਿਸ ਦਾ ਨਾਂ 24 ਸਤੰਬਰ 2018 ਨੂੰ ਬਦਲ ਕੇ ਮਲੋਡ ਐਗਰੋ ਲਿਮਟਿਡ ਰੱਖਿਆ ਗਿਆ ਸੀ । ਇਸ ਕੰਪਨੀ ਵਿੱਚ ਜਸਵੰਤ ਸਿੰਘ,ਬਲਵੰਤ ਸਿੰਘ,ਕੁਲਵੰਤ ਸਿੰਘ,ਤਜਿੰਦਰ ਸਿੰਘ ਪਾਰਟਨਰ ਸਨ ਇਸ ਤੋਂ ਇਲਾਵਾ ਕੰਪਨੀ ਦੀ ਲੁਧਿਆਣਾ,ਮਲੇਰਕੋਟਲਾ, ਖੰਨਾ,ਪਾਇਲ ਅਤੇ ਧੁਰੀ ਵੀ ਦਫਤਰ ਸਨ।
ਪਿਛਲੇ ਸਾਲ ਹੋਈ ਰੇਡ ਨੂੰ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਸਿਆਸੀ ਦੁਸ਼ਮਣੀ ਦਾ ਨਾਂ ਦਿੱਤਾ ਸੀ। ਪਰ ਈਡੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਜਸਵੰਤ ਸਿੰਘ ਗੱਜਣਮਾਜਰਾ ਦੇ ਖਿਲਾਫ ਪੂਰੇ ਸਬੂਤ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਕੰਪਨੀ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਨਾਂ ‘ਤੇ ਲੋਨ ਲਿਆ ਅਤੇ ਇਸ ਨੂੰ ਆਪਣੀ ਦੂਜੀ ਕੰਪਨੀ ਵਿੱਚ ਖਰਚ ਕੀਤਾ । ਛਾਪੇਮਾਰੀ ਦੌਰਾਨ ਈਡੀ ਆਪਣੇ ਨਾਲ ਮੋਬਾਈਲ ਫੋਨ ਅਤੇ ਹਾਰਡ ਡਿਸਕ ਵੀ ਲੈ ਗਈ ਸੀ । ਇਸ ਤੋਂ ਪਹਿਲਾਂ ਪਿਛਲੇ ਸਾਲ CBI ਨੇ ਆਪਣੀ FIR ਵਿੱਚ ਗੱਜਣਮਾਜਰਾ ਦੇ ਖਿਲਾਫ ਮੰਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ।
ਵਿਧਾਇਕ ਗੱਜਣਮਾਜਰਾ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਬੈਂਕ ਆਫ ਇੰਡੀਆ ਦੀ ਲੁਧਿਆਣਾ ਦੀ ਮਾਡਲ ਟਾਉਨ ਬਰਾਂਚ ਤੋਂ 35 ਕਰੋੜ ਦਾ ਲੋਨ ਪਾਸ ਕਰਵਾਇਆ ਸੀ । 2022 ਵਿੱਚ ਗੱਜਣਮਾਜਰਾ ਨੇ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ ।