Punjab

‘ਆਪ’ ਦੇ ਵਿਧਾਇਕ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਹੱਥ ਜੋੜ ਕੇ ਕੀਤੀ ਇਹ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰੀਦਕੋਟ ਜ਼ਿਲ੍ਹਾ ਦੇ ਕੋਟਕਪੂਰਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ‘ਤੇ ਵੈਂਟੀਲੇਟਰਾਂ ਦਾ ਇਸਤੇਮਾਲ ਨਾ ਕਰਨ ਦਾ ਦੋਸ਼ ਲਗਾਇਆ ਹੈ। ਸੰਧਵਾਂ ਨੇ ਕਿਹਾ ਕਿ ‘ਰੋਜ਼ ਹੀ ਵੈਂਟੀਲੇਟਰਾਂ ਦੀ ਕਮੀ ਦੇ ਕਾਰਨ ਦੇਸ਼ ਵਿੱਚ, ਪੰਜਾਬ ਵਿੱਚ ਮਰੀਜ਼ ਮਰ ਰਹੇ ਹਨ। ਪੰਜਾਬ ਨੂੰ ਪੀਐੱਮ ਕੇਅਰਜ਼ ਫੰਡਜ਼ ਵਿੱਚੋਂ 6 ਦਰਜਨ ਦੇ ਕਰੀਬ ਵੈਂਟੀਲੇਟਰ ਆਏ ਹਨ। ਜੋ ਵੈਂਟੀਲੇਟਰ ਖਰਾਬ ਹੋਏ ਪਏ ਹਨ, ਉਸਨੂੰ ਨਾ ਤਾਂ ਹਸਪਤਾਲ ਠੀਕ ਕਰਵਾ ਰਿਹਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਇਨ੍ਹਾਂ ਨੂੰ ਠੀਕ ਕਰਵਾ ਰਹੀ ਹੈ’। ਸੰਧਵਾਂ ਨੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਇਨ੍ਹਾਂ ਵੈਂਟੀਲੇਟਰਾਂ ਨੂੰ ਠੀਕ ਕਰਵਾਉਣ ਦੀ ਅਪੀਲ ਕੀਤੀ ਹੈ।

ਦਰਅਸਲ, ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਭੇਜੇ ਗਏ ਵੈਂਟੀਲੇਟਰਾਂ ਦੇ ਇਸਤੇਮਾਲ ਨਾ ਕਰਨ ‘ਤੇ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭੇਜੇ ਗਏ ਸਾਰੇ ਵੈਂਟੀਲੇਟਰ ਇਸਤੇਮਾਲ ਕਿਉਂ ਨਹੀਂ ਹੋ ਰਹੇ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੁੱਲ 809 ਵੈਂਟੀਲੇਟਰ ਭੇਜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ 558 ਵੈਂਟੀਲੇਟਰ ਹੀ ਇਸਤੇਮਾਲ ਕੀਤੇ ਜਾ ਰਹੇ ਹਨ, ਬਾਕੀ 251 ਵੈਂਟੀਲੇਟਰਾਂ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ।