India

‘ਆਪ’ ਦੇ ਵਿਧਾਇਕ ਨੂੰ ACB ਨੇ ਸੱਦਿਆ

AAP MLA Akhilesh will appear in front the ACB

‘ਦ ਖ਼ਾਲਸ ਬਿਊਰੋ : ਦਿੱਲੀ ਵਿਚ ਨਗਰ ਨਿਗਮ ਚੋਣਾਂ ਲਈ ਟਿਕਟਾਂ ਦੀ ਵੰਡ ਵਿੱਚ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਟਿਕਟ ਵੇਚਣ ਦੇ ਮਾਮਲੇ ਵਿੱਚ ਏਸੀਬੀ (Anti Corruption Bureau) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਜੀਜਾ ਅਤੇ ਪੀਏ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਏਸੀਬੀ ਨੇ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਹੈ।

ਕਮਲਾ ਨਗਰ ਦੇ ਵਾਰਡ ਨੰਬਰ 69 ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਸ਼ੋਭਾ ਖੜੀ ਨੇ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਸੀ। ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਟਿਕਟ ਦਿਵਾਉਣ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਅਖਿਲੇਸ਼ ਪਤੀ ਤ੍ਰਿਪਾਠੀ ਨੂੰ 35 ਲੱਖ ਰੁਪਏ ਅਤੇ ਵਜ਼ੀਰਪੁਰ ਦੇ ਵਿਧਾਇਕ ਰਾਜੇਸ਼ ਗੁਪਤਾ ਨੂੰ 20 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਸਨ। ਉਸਨੇ ਕਿਹਾ ਕਿ ਬਾਕੀ 35 ਲੱਖ ਰੁਪਏ ਉਨ੍ਹਾਂ ਦਾ ਨਾਮ ਸੂਚੀ ਵਿੱਚ ਆਉਣ ਤੋਂ ਬਾਅਦ ਦਿੱਤੇ ਜਾਣੇ ਸਨ। ਸ਼ੋਭਾ ਖਰੀ ਨੇ ਕਿਹਾ ਕਿ ਸੂਚੀ ਵਿੱਚ ਨਾਮ ਨਾ ਆਉਣ ‘ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਜੀਜਾ ਓਮ ਸਿੰਘ ਨੂੰ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਲਈ ਕਿਹਾ ਸੀ।

ਸ਼ਿਕਾਇਤਕਰਤਾ ਨੇ ਬਾਅਦ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਰਿਸ਼ਵਤ ਦੇਣ ਦੇ ਸਮੇਂ ਦੀ ਰਿਕਾਰਡ ਕੀਤੀ ਵੀਡੀਓ ਵੀ ਸਬੂਤ ਵਜੋਂ ਏਜੰਸੀ ਨੂੰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਏ.ਸੀ.ਬੀ. ਨੇ 15-16 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਓਮ ਸਿੰਘ ਆਪਣੇ ਸਾਥੀਆਂ ਸ਼ਿਵਸ਼ੰਕਰ ਪਾਂਡੇ ਅਤੇ ਪ੍ਰਿੰਸ ਰਘੂਵੰਸ਼ੀ ਨਾਲ 33 ਲੱਖ ਰੁਪਏ ਰਿਸ਼ਵਤ ਲੈਂਦਿਆਂ ਸ਼ਿਕਾਇਤਕਰਤਾ ਦੇ ਘਰ ਪਹੁੰਚਿਆ ਤਾਂ ਏ.ਸੀ.ਬੀ. ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਇੱਕ ਆਜ਼ਾਦ ਗਵਾਹ ਦੀ ਮੌਜੂਦਗੀ ਵਿੱਚ ਨਕਦੀ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।