Punjab

ਖੰਨਾ ’ਚ ‘ਆਪ’ ਆਗੂ ਨੂੰ ਗੋਲ਼ੀ ਮਾਰਨ ਵਾਲਾ ਕਾਬੂ! ਏਸ ਵਜ੍ਹਾ ਕਰਕੇ ਕੀਤਾ ਸੀ ਕਤਲ

ਬਿਉਰੋ ਰਿਪੋਰਟ: ਖੰਨਾ ’ਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਗੋਲ਼ੀਆਂ ਚਲਾਈਆਂ ਗਈਆਂ ਸਨ, ਉਹ ਲਾਇਸੈਂਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਇਕੋਲਾਹਾ ਅਤੇ ਉਨ੍ਹਾਂ ਦੇ ਭਰਾ ਕੁਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਦੋਵੇਂ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੁਰਾਣੀ ਰੰਜਿਸ਼ ਕਾਰਨ ਕੀਤਾ ਹਮਲਾ

ਆਈਜੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਸਿਆਸੀ ਰੰਜ਼ਿਸ਼ ਸਾਹਮਣੇ ਨਹੀਂ ਆਈ ਹੈ। ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਹੈ। ਕੁਝ ਸਮਾਂ ਪਹਿਲਾਂ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ ਸੀ ਜਿਸ ਕਾਰਨ ਦੁਸ਼ਮਣੀ ਚੱਲ ਰਹੀ ਸੀ।

ਸੀਸੀਟੀਵੀ ਕੈਮਰੇ ਤੋਂ ਹੋਇਆ ਖ਼ੁਲਾਸਾ

ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਤਰਲੋਚਨ ਸਿੰਘ ਆਪਣੇ ਖੇਤ ਤੋਂ ਸਕੂਟਰ ’ਤੇ ਘਰ ਵੱਲ ਜਾ ਰਿਹਾ ਸੀ ਤਾਂ ਕਾਤਲ ਪਹਿਲਾਂ ਹੀ ਸੂਆ ਟ੍ਰੈਕ ਕੋਲ ਮੋੜ ’ਤੇ ਖੜ੍ਹਾ ਸੀ। ਜਿਸ ਨੇ ਨੇੜੇ ਆਉਂਦੇ ਹੀ ਤਰਲੋਚਨ ਸਿੰਘ ਨੂੰ ਗੋਲ਼ੀ ਮਾਰ ਦਿੱਤੀ। ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਏ। ਇਸ ਤੋਂ ਬਾਅਦ ਮੁਲਜ਼ਮ ਨੇ ਦੋ ਹੋਰ ਗੋਲ਼ੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਉਹ ਫਰਾਰ ਹੋ ਗਿਆ।

ਪੂਰਾ ਮਾਮਲਾ

ਬੀਤੇ ਦਿਨ ਖੰਨਾ ’ਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ (56) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸ਼ਾਮ ਨੂੰ ਜਦੋਂ ਤਰਲੋਚਨ ਸਿੰਘ ਆਪਣੇ ਖੇਤ ਤੋਂ ਘਰ ਪਰਤ ਰਹੇ ਸੀ ਤਾਂ ਕਿਸੇ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ। ਤਰਲੋਚਨ ਸਿੰਘ ਖੂਨ ਨਾਲ ਲੱਥਪੱਥ ਹਾਲਤ ਵਿਚ ਪਿੰਡ ਦੀ ਸੜਕ ਕਿਨਾਰੇ ਪਏ ਸੀ ਤਾਂ ਉਸ ਦੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਤਰਲੋਚਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਨੇ ਪਿਛਲੀ ਵਾਰ ਵੀ ਪਿੰਡ ਵਿੱਚ ਸਰਪੰਚ ਦੀ ਚੋਣ ਲੜੀ ਸੀ। ਪਰ ਹਾਰ ਗਏ ਸਨ। ਕੁਝ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪਾਰਟੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਹੀ ਤਰਲੋਚਨ ਸਿੰਘ ਪਿੰਡ ਵਿੱਚ ਸਰਪੰਚ ਦੀ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ। ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ।