Punjab

‘ਆਪ’ ਆਗੂ ਵੱਲੋਂ ਸਮੂਹਿਕ ਆਤਮਦਾਹ ਦੀ ਚੇਤਾਵਨੀ! ‘ਮੈਂ ਖ਼ੁਦ ਆਪਣੇ ਪਰਿਵਾਰ ਨੂੰ ਮਾਰ ਦੇਵਾਂ’

ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਅਟਾਰੀ ਇਲਾਕੇ ’ਚ ਆਪ ਆਗੂ ਅਤੇ ਕੋਕਾ ਕੋਲਾ ਏਜੰਸੀ ਚਲਾਉਣ ਵਾਲੇ ਜਸਵਿੰਦਰ ਸਿੰਘ ਜਸ ਨੇ ਫਿਰੌਤੀ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਹੱਥੋਂ ਮਰਨ ਨਾਲੋਂ ਚੰਗਾ ਹੈ ਮੈਂ ਆਪ ਹੀ ਆਪਣਿਆਂ ਨੂੰ ਗੋਲੀ ਮਾਰ ਦੇਵਾਂ। ਜਸਵਿੰਦਰ ਸਿੰਘ ਨੂੰ ਪਿਛਲੇ ਇੱਕ ਹਫ਼ਤੇ ਤੋਂ 50 ਲੱਖ ਰੁਪਏ ਦੀ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ ਪਰ ਅਜੇ ਤੱਕ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ। ਉਨ੍ਹਾਂ ਹੋਰ ਵਪਾਰੀਆਂ ਨਾਲ ਮਿਲ ਕੇ ਬੀਤੇ ਦਿਨ ਅਟਾਰੀ ਰੋਡ ’ਤੇ ਧਰਨਾ ਵੀ ਦਿੱਤਾ ਸੀ।

ਘਰ ਦੇ ਅੰਦਰ ਰੋਂਦੇ ਹੋਏ ਵੀਡੀਓ ਜਾਰੀ ਕਰਦੇ ਹੋਏ ਜਸਵਿੰਦਰ ਸਿੰਘ ਜਸ ਨੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਅੱਜ ਵੀ ਉਨ੍ਹਾਂ ਨੂੰ ਫਿਰੌਤੀ ਦੀ ਕਾਲ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗਲਤੀ ਸਿਰਫ਼ ਇਹ ਹੈ ਕਿ ਉਹ ਇੱਕ ਵਪਾਰੀ ਹੈ ਅਤੇ ਪੰਜਾਬ ਵਿੱਚ ਪੈਦਾ ਹੋਇਆ ਹੈ। ਸਭ ਤੋਂ ਵੱਡੀ ਗ਼ਲਤੀ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ।

ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ: ਵਪਾਰੀ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਗੈਂਗਸਟਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦੇ ਵਿਧਾਇਕ ਨੇ ਕੀ ਕੀਤਾ ਹੈ ਜਾਂ ਉਨ੍ਹਾਂ ਦੇ ਮੁੱਖ ਮੰਤਰੀ ਕੀ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦਾ ਪਹਿਲਾ ਐਸਐਚਓ ਅਮਨਦੀਪ ਸਿੰਘ ਸੀ ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਦੇ ਘਰ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਫੜ ਲਿਆ ਸੀ। ਉਹ ਹੁਣ ਇੱਕ ਹਫ਼ਤੇ ਤੋਂ ਤਰਲੇ ਕਰ ਰਹੇ ਹਨ, ਪਰ ਪੁਲਿਸ ਅਤੇ ਉਨ੍ਹਾਂ ਦਾ ਸਾਈਬਰ ਕ੍ਰਾਈਮ ਸੈੱਲ ਕੁਝ ਵੀ ਨਹੀਂ ਕਰ ਰਿਹਾ ਹੈ।

ਉਹ ਆਪਣੇ ਹੀ ਘਰ ਵਿੱਚ ਕੈਦ ਹੋ ਗਏ ਹਨ। ਪੁਲਿਸ ਉਨ੍ਹਾਂ ਨੂੰ ਘਰੋਂ ਬਾਹਰ ਨਾ ਨਿਕਲਣ ਲਈ ਕਹਿ ਰਹੀ ਹੈ ਪਰ ਗੈਂਗਸਟਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਗੈਂਗਸਟਰਾਂ ਦੀਆਂ ਗੋਲ਼ੀਆਂ ਨਾਲ ਮਰਨ ਨਾਲੋਂ ਚੰਗਾ ਹੈ ਕਿ ਉਹ ਖ਼ੁਦ ਆਪਣੇ ਪੁੱਤਰ ਤੇ ਮਾਂ-ਬਾਪ ਨੂੰ ਮਾਰ ਦੇਵੇ ਦੋ 11 ਸਾਲ ਬਾਅਦ ਪੈਦਾ ਹੋਇਆ ਹੈ। ਇਸ ਦੇ ਲਈ ਉਹ ਭਲਕੇ ਸਵੇਰੇ 8 ਵਜੇ ਪਰਿਵਾਰ ਸਮੇਤ ਅਟਾਰੀ ਚੌਕ ਵਿਖੇ ਸਮੂਹਿਕ ਖ਼ੁਦਕੁਸ਼ੀ ਕਰਨਗੇ।