Jalandhar Lok Sabha Bypoll : ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਜਲੰਧਰ ਵਿੱਚ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਾਰੇ ਜਿੱਤ ਦਾ ਦਾਅਵਾ ਕਰਨਗੇ ਪਰ ਨਤੀਜਾ ਸਾਨੂੰ 13 ਮਈ ਨੂੰ ਹੀ ਮਿਲੇਗਾ। ਅੱਜ ਸਾਰਾ ਜਲੰਧਰ ਜ਼ਿਲ੍ਹਾ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ, ਖ਼ਾਸ ਕਰਕੇ ਔਰਤਾਂ। ਉਨ੍ਹਾਂ ਨੇ ਕਿਹਾ ਕਿ ਪਰਿਵਾਰ, ਪਾਰਟੀ ਅਤੇ ਜਲੰਧਰ ਵਾਸੀਆਂ ਨੂੰ ਸੰਤੋਖ ਸਿੰਘ ਚੌਧਰੀ ਦੀ ਕਮੀ ਮਹਿਸੂਸ ਹੁੰਦੀ ਰਹੇਗੀ ਪਰ ਉਨ੍ਹਾਂ ਵਾਂਗੂੰ ਮੈਨੂੰ ਵੀ ਲੋਕਾਂ ਦਾ ਨਿੱਘ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਅਨੇਕਾਂ ਮੁੱਦੇ ਹਨ ਪਰ ਪਹਿਲ ਦੇ ਆਧਾਰ ਉੱਤੇ ਔਰਤਾਂ ਦੇ ਲਈ ਮੈਂ ਖ਼ਾਸ ਤੌਰ ਉੱਤੇ ਕੰਮ ਕਰਾਂਗੀ। ਉਹਨਾਂ ਨੇ ਔਰਤ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ।
ਆਪ ਪਾਰਟੀ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਆਪ ਨੂੰ ਹਾਲੇ ਇੱਕ ਸਾਲ ਹੋਇਆ ਹੈ ਅਤੇ ਅਸੀਂ 136 ਸਾਲ ਪੁਰਾਣੀ ਪਾਰਟੀ ਹੋਣ ਦੇ ਨਾਤੇ ਉਸ ਕੰਮ ਉੱਤੇ ਆਧਾਰਿਤ ਲੋਕਾਂ ਤੋਂ ਵੋਟ ਮੰਗ ਰਹੇ ਹਾਂ। ਸਾਡਾ ਪਰਿਵਾਰ ਇਸ ਪਾਰਟੀ ਨਾਲ 97 ਸਾਲਾਂ ਤੋਂ ਜੁੜਿਆ ਹੋਇਆ ਹੈ। ਆਪ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ, ਉਨ੍ਹਾਂ ਨੇ ਹਰ ਜੰਗਲ ਤੋਂ ਇੱਕ ਇੱਕ ਲੱਕੜੀ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।