ਬਿਉਰੋ ਰਿਪੋਰਟ: ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਦੀ ਰਿਪੋਰਟ ਵਿੱਚ ਬੇਹੱਦ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਇਸਦੇ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਭ ਤੋਂ ਵੱਧ ਉਮੀਦਵਾਰ ਅਪਰਾਧਿਕ ਕੇਸਾਂ ਵਾਲੇ ਹਨ, ਜਦੋਂ ਕਿ ਭਾਜਪਾ ਕੋਲ ਸਭ ਤੋਂ ਘੱਟ ਹਨ। ਰਿਪੋਰਟ ਵਿੱਚ ਭਾਜਪਾ ਦੇ ਕੈਪਟਨ ਅਭਿਮਨਿਊ (Capt Abhimanyu) ਅਤੇ ਕਾਂਗਰਸ ਦੇ ਰੋਹਤਾਸ ਸਿੰਘ (Rohtas Singh) ਨੂੰ ਸਭ ਤੋਂ ਅਮੀਰ ਉਮੀਦਵਾਰ ਦੱਸਿਆ ਗਿਆ ਹੈ। ਪੰਜ ਉਮੀਦਵਾਰ ਅਜਿਹੇ ਵੀ ਹਨ, ਜਿਨ੍ਹਾਂ ਦੀ ਜਾਇਦਾਦ ਜ਼ੀਰੋ ਹੈ।
‘ਆਪ’ ਦੇ ਕੁੱਲ 88 ਵਿੱਚੋਂ 23 (26 ਪ੍ਰਤੀਸ਼ਤ) ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਅਪਰਾਧਿਕ ਮਾਮਲਿਆਂ ਦਾ ਬਿਓਰਾ ਦਿੱਤਾ ਹੈ। ਇਨ੍ਹਾਂ ਵਿੱਚੋਂ 14 ’ਤੇ ਕਤਲ, ਬਲਾਤਕਾਰ, ਬੱਚਿਆਂ ਅਤੇ ਔਰਤਾਂ ਵਿਰੁੱਧ ਅਪਰਾਧ ਅਤੇ ਭ੍ਰਿਸ਼ਟਾਚਾਰ ਸਮੇਤ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ। 2019 ਦੀਆਂ ਚੋਣਾਂ ਵਿੱਚ, AAP ਨੇ ਆਪਣੇ ਕੁੱਲ 46 ਵਿੱਚੋਂ 12 ਉਮੀਦਵਾਰਾਂ (26 ਪ੍ਰਤੀਸ਼ਤ) ਨੂੰ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਸਨ।
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ 17 ਉਮੀਦਵਾਰ (19 ਫੀਸਦੀ), ਇੰਡੀਅਨ ਨੈਸ਼ਨਲ ਲੋਕ ਦਲ ਦੇ 9 (18 ਫੀਸਦੀ), ਜਨਨਾਇਕ ਜਨਤਾ ਪਾਰਟੀ ਦੇ ਸੱਤ (11 ਫੀਸਦੀ), ਬਹੁਜਨ ਸਮਾਜ ਪਾਰਟੀ ਦੇ ਤਿੰਨ (9 ਫੀਸਦੀ), ਅਤੇ ਭਾਜਪਾ ਦੇ ਛੇ (7 ਫੀਸਦੀ) ਉਮੀਦਵਾਰਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਚੋਣਾਂ ਵਿੱਚ ਕੁੱਲ 1,031 ਵਿੱਚੋਂ 1,028 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 133 (13 ਫੀਸਦੀ) ਉਮੀਦਵਾਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਤਿੰਨ ਆਜ਼ਾਦ ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਅਧਿਐਨ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਸਕੈਨ ਨਹੀਂ ਕੀਤਾ ਗਿਆ ਹੈ। 11 ਉਮੀਦਵਾਰ ਅਜਿਹੇ ਹਨ ਜੋ ਔਰਤਾਂ ਵਿਰੁੱਧ ਅਪਰਾਧ ਅਤੇ ਦੋ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਛੇ ਉਮੀਦਵਾਰਾਂ ’ਤੇ ਕਤਲ ਅਤੇ ਅੱਠ ’ਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਨਾਲ ਸਬੰਧਤ ਕੇਸ ਦਰਜ ਹਨ।
ਕੁੱਲ 486 (47 ਪ੍ਰਤੀਸ਼ਤ) ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ 5ਵੀਂ ਅਤੇ 12ਵੀਂ ਜਮਾਤ ਦੇ ਵਿਚਕਾਰ ਘੋਸ਼ਿਤ ਕੀਤੀ ਹੈ ਜਦਕਿ 492 (48 ਪ੍ਰਤੀਸ਼ਤ) ਉਮੀਦਵਾਰਾਂ ਨੇ ਗ੍ਰੈਜੂਏਟ ਜਾਂ ਇਸ ਤੋਂ ਉੱਪਰ ਦਾ ਐਲਾਨ ਕੀਤਾ ਹੈ। 26 ਉਮੀਦਵਾਰ ਡਿਪਲੋਮਾ ਹੋਲਡਰ ਹਨ। ਅੱਠ ਨੇ ਆਪਣੇ ਆਪ ਨੂੰ ਸਿਰਫ਼ ਪੜ੍ਹਿਆ-ਲਿਖਿਆ ਦੱਸਿਆ ਹੈ ਅਤੇ 15 ਅਨਪੜ੍ਹ ਹਨ। ਇੱਕ ਨੇ ਆਪਣੀ ਵਿਦਿਅਕ ਯੋਗਤਾ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਹੈ।