ਦਿੱਲੀ ਦੀ ਨਵੀਂ ਭਾਜਪਾ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਹੈ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸਿਰਸਾ ਨੇ ਕਿਹਾ ਕਿ 12 ਸਾਲ ਬਾਅਦ ਦਿੱਲੀ ਨੂੰ ਕੋਈ ਸਿੱਖ ਮੰਤਰੀ ਮਿਲਿਆ ਹੈ।
ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ‘ਆਪ’ ਨੇ ਹਮੇਸ਼ਾ ਪੰਜਾਬ ਦਾ ਹੱਕ ਖੋਹਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਨਾਲ 12 ਸਾਲ ਬਾਅਦ ਇਕ ਪੰਜਾਬੀ ਤੇ ਸਿੱਖ ਨੂੰ ਦਿੱਲੀ ਵਿਚ ਮਾਣ ਮਿਲਿਆ ਹੈ ਤੇ ਦਿੱਲੀ ਵਿਚ ‘ਆਪ’ ਨੇ ਕਦੇ ਵੀ ਕਿਸੇ ਸਿੱਖ ਨੂੰ ਮੌਕਾ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਆਪ’ ਨੇ ਪੰਜਾਬ ਦੀਆਂ ਸਾਰੀਆਂ ਰਾਜਸਭਾ ਸੀਟਾਂ ਖੋਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ’ਚ ਵੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਹੈ।
ਸਿਰਸਾ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਦਿੱਲੀ ਦਾ ਵਿਕਾਸ ਨਹੀਂ ਬਲਕਿ ਦਿੱਲੀ ਦਾ ਵਿਨਾਸ਼ ਕੀਤਾ ਹੈ। ਲੇਕਿਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦਿੱਲੀ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੇਗੀ।