The Khalas Tv Blog Lok Sabha Election 2024 ਪੰਜਾਬ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ 3.9% ਘੱਟ ਵੋਟਿੰਗ ਨਾਲ ‘ਆਪ’ ਸਰਕਾਰ ਨੂੰ ਹੋ ਸਕਦਾ ਨੁਕਸਾਨ!
Lok Sabha Election 2024 Punjab

ਪੰਜਾਬ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ 3.9% ਘੱਟ ਵੋਟਿੰਗ ਨਾਲ ‘ਆਪ’ ਸਰਕਾਰ ਨੂੰ ਹੋ ਸਕਦਾ ਨੁਕਸਾਨ!

ਚੋਣ ਕਮਿਸ਼ਨ ਦੀ ਐਪ ਅਨੁਸਾਰ ਇਸ ਵਾਰ ਪੰਜਾਬ ਵਿੱਚ ਕੁੱਲ 62.06 ਫ਼ੀਸਦੀ ਵੋਟਿੰਗ ਹੋਈ ਹੈ ਜੋ 2009, 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ ਸਭ ਤੋਂ ਘੱਟ ਹੈ। ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ 3.9% ਘੱਟ ਵੋਟਿੰਗ ਹੋਈ ਹੈ। ਇਸ ਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ।

2009 ਵਿੱਚ ਪੰਜਾਬ ਦੀਆਂ 13 ਸੀਟਾਂ ’ਤੇ 69.78 ਫੀਸਦੀ ਵੋਟਿੰਗ ਹੋਈ ਸੀ। 2014 ਵਿੱਚ 0.85% ਦਾ ਸੁਧਾਰ ਹੋਇਆ ਸੀ ਅਤੇ ਵੋਟ ਫ਼ੀਸਦ 70.63 ’ਤੇ ਪਹੁੰਚ ਗਿਆ। ਫਿਰ 2019 ਵਿੱਚ, ਵੋਟਿੰਗ ਦਾ ਅੰਕੜਾ 4.71% ਘਟ ਕੇ 65.94% ਰਹਿ ਗਿਆ। ਜਦੋਂ ਕਿ ਇਸ ਵਾਰ ਇਹ ਅੰਕੜਾ 62.06% ਤੱਕ ਸਿਮਟ ਗਿਆ ਹੈ, ਯਾਨੀ ਕਿ 2019 ਦੇ ਮੁਕਾਬਲੇ ਇਸ ਵਿੱਚ 3.9% ਦੀ ਕਮੀ ਆਈ ਹੈ।

2014 ਵਿੱਚ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ 4 ਸੀਟਾਂ ਨਾਲ ਸਭ ਤੋਂ ਮਜ਼ਬੂਤ ​​ਸੀ, ਜਦਕਿ 2019 ’ਚ ਉਸ ਸਮੇਂ ਦੀ ਕਾਂਗਰਸ ਸਰਕਾਰ ਮਜ਼ਬੂਤੀ ਨਾਲ ਉੱਭਰੀ ਅਤੇ 8 ਸੀਟਾਂ ’ਤੇ ਕਬਜ਼ਾ ਕੀਤਾ। ਪਰ ਇਸ ਵਾਰ ਵੋਟਾਂ ਘਟਣ ਦਾ ਕਾਰਨ ਮੌਜੂਦਾ ਸਰਕਾਰ ਤੋਂ ਅਸੰਤੁਸ਼ਟੀ ਨੂੰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਘੱਟ ਵੋਟਿੰਗ ਨੂੰ ਲੈ ਕੇ ਕਾਂਗਰਸ ਸਕਾਰਾਤਮਕ ਨਜ਼ਰ ਆ ਰਹੀ ਹੈ।

ਆਮ ਤੌਰ ’ਤੇ ਪੰਜਾਬ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜੇ 65 ਫੀਸਦੀ ਤੋਂ ਘੱਟ ਵੋਟਿੰਗ ਹੁੰਦੀ ਹੈ ਤਾਂ ਸੂਬਾ ਸਰਕਾਰ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਇਸ ਦਾਅਵੇ ਦੇ ਪਿੱਛੇ ਦੇ ਗਣਿਤ ਸਮਝਣਾ ਜ਼ਰੂਰੀ ਹੈ।

ਕੀ ਕਹਿੰਦੇ ਹਨ ਪਿਛਲੀਆਂ ਚੋਣਾਂ ਦੇ ਅੰਕੜੇ

1999 ਦੀਆਂ ਚੋਣਾਂ ਵੇਲੇ ਸੂਬੇ ਵਿੱਚ 56.11% ਵੋਟਾਂ ਪਈਆਂ। ਉਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਪਰ ਇਸ ਦਾ ਸਿੱਧਾ ਅਸਰ ਅਕਾਲੀ-ਭਾਜਪਾ ਗਠਜੋੜ ’ਤੇ ਪਿਆ। ਕਾਂਗਰਸ ਨੇ 8 ਸੀਟਾਂ ਜਿੱਤੀਆਂ, ਭਾਈਵਾਲ ਸੀਪੀਆਈ ਨੇ 1 ਸੀਟ ਜਿੱਤੀ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ਼ 3 ਸੀਟਾਂ ਮਿਲੀਆਂ।

2004 ਦੀਆਂ ਚੋਣਾਂ ਵੇਲੇ ਸੂਬੇ ਵਿੱਚ 61.59% ਵੋਟਾਂ ਪਈਆਂ। ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਦਾ ਸਿੱਧਾ ਅਸਰ ਚੋਣਾਂ ’ਤੇ ਦੇਖਣ ਨੂੰ ਮਿਲਿਆ। ਇਕੱਲੇ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ, ਜਦਕਿ ਭਾਈਵਾਲ ਭਾਜਪਾ ਨੇ 3 ’ਤੇ ਚੋਣ ਲੜੀ ਅਤੇ ਤਿੰਨੋਂ ਹੀ ਜਿੱਤੇ। ਜਦਕਿ ਕਾਂਗਰਸ ਕੋਲ ਮਹਿਜ਼ 2 ਸੀਟਾਂ ਰਹਿ ਗਈਆਂ।

2009 ਦੀਆਂ ਚੋਣਾਂ ਵੇਲੇ ਪੰਜਾਬ ਵਿੱਚ 68.78% ਵੋਟਿੰਗ ਹੋਈ। ਉਦੋਂ ਤਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਚੁੱਕੀ ਸੀ। ਇਸ ਦਾ ਕਾਂਗਰਸ ਨੇ ਫਾਇਦਾ ਉਠਾਇਆ। ਕਾਂਗਰਸ ਨੂੰ 9, ਅਕਾਲੀ ਦਲ ਨੂੰ 4 ਅਤੇ ਭਾਜਪਾ ਨੂੰ 1 ਸੀਟ ਮਿਲੀ।

ਇਸ ਤੋਂ ਬਾਅਦ 2014 ਚੋਣਾਂ ਸਮੇਂ ਪੰਜਾਬ ਵਿੱਚ 70.63% ਵੋਟਿੰਗ ਹੋਈ ਸੀ। ਉਦੋਂ ਇੱਕ ਵਾਰ ਫਿਰ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀ। ਇਸ ਦੌਰਾਨ ‘ਆਪ’ ਨੇ ਪੰਜਾਬ ਦੀ ਸਿਆਸਤ ਵਿੱਚ ਪ੍ਰਵੇਸ਼ ਕੀਤਾ। ਪਹਿਲੀ ਵਾਰ ਚੋਣ ਲੜ ਕੇ ਵੀ ਉਸ ਨੂੰ 4 ਸੀਟਾਂ ਮਿਲ ਗਈਆਂ। ਸੂਬੇ ਦੀ ਤਤਕਾਲੀ ਸਰਕਾਰ ਅਕਾਲੀ ਦਲ ਵੀ ਓਨੀਆਂ ਹੀ ਸੀਟਾਂ ਹਾਸਲ ਕਰ ਸਕੀ। ਭਾਜਪਾ 2 ਅਤੇ ਕਾਂਗਰਸ 3 ’ਤੇ ਸਿਮਟ ਗਈ।

ਇਸ ਤੋਂ ਬਾਅਦ ਪਿਛਲੀਆਂ 2019 ਦੀਆਂ ਚੋਣਾਂ ਵੇਲੇ ਸੂਬੇ ਵਿੱਚ 65.96% ਵੋਟਿੰਗ ਹੋਈ। ਉਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਲੋਕਾਂ ਵਿੱਚ ਨਾ ਤਾਂ ਗੁੱਸਾ ਸੀ ਅਤੇ ਨਾ ਹੀ ਰੋਸ। ਕਾਂਗਰਸ ਨੂੰ ਇਸ ਦਾ ਫ਼ਾਇਦਾ ਹੋਇਆ। ਕਾਂਗਰਸ ਨੇ 8, ਅਕਾਲੀ ਦਲ ਨੇ 2 ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ। ਇੰਨਾ ਹੀ ਨਹੀਂ, 2022 ’ਚ ਸੂਬੇ ’ਚ ਆਪਣੀ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਸਿਰਫ਼ ਇੱਕ ਸੀਟ ’ਤੇ ਸਿਮਟ ਗਈ।

ਭਾਜਪਾ ਨੂੰ ਅਕਾਲੀਆਂ ਨਾਲ ਗਠਜੋੜ ਟੁੱਟਣ ਦਾ ਹੋ ਸਕਦਾ ਫਾਇਦਾ

ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਕਤ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਘੱਟ ਵੋਟ ਫ਼ੀਸਦ ਨਾਲ ਆਪ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ। ਸਵਾਲ ਇਹ ਹੈ ਕਿ ਇਸ ਵਾਰ ਕਿਸ ਪਾਰਟੀ ਦਾ ਵੋਟ ਸ਼ੇਅਰ ਘਟੇਗਾ। ਦਰਅਸਲ, ਪਹਿਲੀ ਵਾਰ ਭਾਜਪਾ ਨੇ ਸਾਰੀਆਂ 13 ਸੀਟਾਂ ’ਤੇ ਚੋਣ ਲੜੀ ਹੈ। ਅਕਾਲੀ ਦਲ ਨਾਲ ਗਠਜੋੜ ਖ਼ਤਮ ਹੋਣ ਤੋਂ ਬਾਅਦ ਭਾਜਪਾ ਨੂੰ ਹਿੰਦੂ ਅਤੇ ਸ਼ਹਿਰੀ ਵੋਟਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਇਹ ਸੰਭਵ ਹੈ ਕਿ ਭਾਜਪਾ ਨੂੰ ਪਈਆਂ ਵੋਟਾਂ ਕਿਸੇ ਹੋਰ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

Exit mobile version