India

ਹਾਈਕੋਰਟ ਪਹੁੰਚੀ “ਆਪ” ਨੇ ਮੰਗਿਆ ਸਾਬਕਾ ਜੱਜਾਂ ਦਾ ਸਾਥ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਬੀਤੇ ਦਿਨੀਂ ਹੋਏ ਹਮਲੇ ਦੀ ਜਾਂਚ ਲਈ ਆਮ ਆਦਮੀ ਪਾਰਟੀ ਨੇ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਹੈ। ਆਪ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐੱਸਆਈਟੀ ਬਣਾਉਣ ਦੀ ਮੰਗ ਕੀਤੀ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਆਪ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਾਬਕਾ ਜੱਜਾਂ ਦੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਏ।

ਉੱਧਰ ਦਿੱਲੀ ਪੁਲਿਸ ਨੇ ਕੇਜਰੀਵਾਲ ਦੇ ਘਰ ਦੀ ਭੰਨਤੋੜ ਦੇ ਮਾਮਲੇ ਵਿੱਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰੀ ਦੀ ਇਹ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ। ਕੇਜਰੀਵਾਲ ਨੇ ਆਪਣੇ ਘਰ ਉੱਤੇ ਹੋਏ ਹਮਲੇ ਤੋਂ ਬਾਅਦ ਕਿਹਾ ਕਿ ਦੇਸ਼ ਲਈ ਮੈਂ ਜਾਨ ਵੀ ਦੇ ਸਕਦਾ ਹਾਂ। ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਜ਼ਰੂਰੀ ਨਹੀਂ ਹੈ, ਦੇਸ਼ ਜ਼ਰੂਰੀ ਹੈ। ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਲਈ ਇਹ ਸੰਦੇਸ਼ ਠੀਕ ਨਹੀਂ ਹੈ। ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਪਿਆਰ ਅਤੇ ਮੁਹੱਬਤ ਜ਼ਰੂਰੀ ਹੈ।

ਦਰਅਸਲ, ਕੱਲ੍ਹ ਭਾਜਪਾ ਯੂਥ ਵਿੰਗ ਦੇ ਮੈਂਬਰਾਂ ਨੇ ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਤੇ ਕੇਜਰੀਵਾਲ ਦੀ ਟਿੱਪਣੀ ਦੇ ਖਿਲਾਫ ਉਨ੍ਹਾਂ ਦੇ ਘਰ ਦੇ ਬਾਹਰ ਭੰਨਤੋੜ ਕੀਤੀ। ਪੁਲਿਸ ਨੇ ਬੁੱਧਵਾਰ ਨੂੰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅਣਪਛਾਤਿਆਂ ਦੇ ਖਿਲਾਫ਼ ਧਾਰਾ 186 (ਕਰਮਚਾਰੀ ਦੇ ਜਨਤਕ ਕਾਰਜਾਂ ਦੇ ਕੰਮ ਵਿੱਚ ਰੁਕਾਵਟ ਪਾਉਣਾ), ਧਾਰਾ 188 (ਜਨਤਕ ਸੇਵਕ ਦੁਆਰਾ ਨਿਯਮਤ ਤੌਰ ‘ਤੇ ਜਾਰੀ ਕੀਤੇ ਹੁਕਮਾਂ ਦੀ ਅਵੱਗਿਆ), ਧਾਰਾ 353 (ਲੋਕ ਸੇਵਕ ਨੂੰ ਉਸਦੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਿਕ ਬਲ) ਅਤੇ ਧਾਰਾ 332 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਕੇਜਰੀਵਾਲ ਦੇ ਘਰ ਉੱਤੇ ਹੋਏ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਬਿਆਨਾਂ ਦਾ ਜਿਵੇਂ ਹੜ ਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਿਆਸਤ ਵਿੱਚ ਤਰਥੱਲੀ ਮੱਚ ਗਈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਤਰ੍ਹਾਂ ਨਾਲ ਭਾਜਪਾ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਦੀ ਜਾਨ ਲੈਣਾ ਚਾਹੁੰਦੀ ਹੈ। ਆਪ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਘਟੀਆ ਹਰਕਤਾਂ ਕਰਨ ਉੱਤੇ ਉਤਰ ਆਈ ਹੈ।

ਆਪ ਨੇਤਾ ਸੰਜੇ ਸਿੰਘ ਨੇ ਵੀ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਕਸ਼ਮੀਰੀ ਪੰਡਤਾਂ ਦਾ ਤਾਂ ਬਹਾਨਾ ਹੈ ,ਕੇਜਰੀਵਾਲ ਨੂੰ ਜਾਨ ਤੋਂ ਮਰਵਾਉਣਾ ਹੈ। ਉਹਨਾਂ ਨੇ ਆਪਣੇ ਟਵੀਟ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ। ਕੈਬਨਿਟ ਮੰਤਰੀ ਮੀਤ ਹੇਅਰ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਕਹੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਹਿਣਾ, “ਕੇਜਰੀਵਾਲ ਬਚ ਗਏ”।