23 ਮਈ ਨੂੰ ਪਟਿਆਲਾ ਦੇ ਪੋਲੋ ਗਰਾਉਂਡ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇ ਪਟਿਆਲਾ ਸੰਸਦੀ ਹਲਕੇ ਵਿੱਚ ਜ਼ੋਰਦਾਰ ਚੋਣ ਮੁਹਿੰਮ ਲਈ ਆਪਣੇ ਸਟਾਰ ਪ੍ਰਚਾਰਕਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਕਿ ‘ਆਪ’ ਦੇ ਰਾਘਵ ਚੱਢਾ ਐਤਵਾਰ ਸ਼ਾਮ ਨੂੰ ਡੇਰਾਬੱਸੀ ’ਚ ਰੈਲੀ ਕਰਨਗੇ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਰਾਜਪੁਰਾ ’ਚ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ।
ਇੱਥੋਂ ਤੱਕ ਕਿ ਕਾਂਗਰਸ ਨੇ ਵੀ ਪਟਿਆਲਾ ਵਿੱਚ ਆਪਣੇ ਸਟਾਰ ਪ੍ਰਚਾਰਕਾਂ ਨੂੰ ਘੱਲਣ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਇਸ ਸੰਸਦੀ ਹਲਕੇ ਵਿੱਚ 26 ਮਈ ਅਤੇ 29 ਮਈ ਨੂੰ ਆਪਣੀਆਂ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਅੱਜ ਪ੍ਰਿਅੰਕਾ ਗਾਂਧੀ ਪਟਿਆਲਾ ਪੁੱਜੇ ਹੋਏ ਸਨ।
ਪਿੰਡ ਸੇਹੜੀ ਵਿਖੇ ਇੱਕ ਧਰਨਾਕਾਰੀ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਤੋਂ ਬਾਅਦ ਬੀਜੇਪੀ ਉਮੀਦਵਾਰ ਮਹਾਰਾਣੀ ਪਰਨੀਤ ਨੂੰ ਦੋ ਦਿਨਾਂ ਲਈ ਆਪਣਾ ਪ੍ਰਚਾਰ ਮੁਲਤਵੀ ਕਰਨਾ ਪਿਆ ਸੀ। ਪਰ ਪ੍ਰਧਾਨ ਮੰਤਰੀ ਦੀ ਫੇਰੀ ਨੇ ਉਨ੍ਹਾਂ ਦੀ ਕਮਜ਼ੋਰ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਹੁਣ ਜਿਸ ਤਰ੍ਹਾਂ ਮਹਾਰਾਣੀ ਪਰਨੀਤ ਕੌਰ ਦੀ ਚੋਣ ਮੁਹਿੰਮ ਨੇ ਗਤੀ ਫੜੀ ਹੈ, ਇਸ ਨੇ ਵਿਰੋਧੀ ਉਮੀਦਵਾਰਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਪ੍ਰਭਾਵ ਨੂੰ ਬੇਅਸਰ ਕਰਨ ਲਈ ਆਪਣੇ ਸਟਾਰ ਪ੍ਰਚਾਰਕਾਂ ਨੂੰ ਕੰਮ ’ਤੇ ਲਾ ਦਿੱਤਾ ਹੈ।