Punjab

‘ਆਪ’ ਲੀਡਰਾਂ ਨੇ ਸੀਐਮ ਮਾਨ ਨੂੰ ਦਿੱਤਾ ਜਲੰਧਰ ਵੈਸਟ ਦੀ ਜਿੱਤ ਦਾ ਕ੍ਰੈਡਿਟ, ਜਲੰਧਰ ਕਾਰਪੋਰੇਸ਼ਨ ਚੋਣ ‘ਚ ਵੀ ‘ਆਪ’ ਦਾ ਮੇਅਰ ਬਣਾਉਣ ਦਾ ਦਾਅਵਾ

ਬਿਉਰੋ ਰਿਪੋਰਟ- ਜਲੰਧਰ ਵੈਸਟ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ 37,325 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਪਾਰਟੀ ਵੱਲੋਂ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੋਹਿੰਦਰ ਭਗਤ ਸਣੇ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਹਮ ਸ਼ੰਕਰ ਜਿੰਪਾ, ਹੁਸ਼ਿਆਰਪੁਰ ਤੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ, ਪਵਨ ਕੁਮਾਰ ਟੀਨੂੰ ਸ਼ਾਮਲ ਹੋਏ।

ਇਸ ਵਿੱਚ ਪਾਰਟੀ ਲੀਡਰਾਂ ਨੇ ਮੋਹਿੰਦਰ ਭਗਤ ਨੂੰ ਵਧਾਈ ਦਿੱਤੀ ਅਤੇ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਦੇ ਸਿਰ ਬੰਨਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਆਉਣ ਵਾਲਆਂ ਸਾਰੀਆਂ ਜ਼ਿਮਨੀ ਚੋਣਾਂ ਵਿੱਚ ਇੱਕਪਾਸੜ ਜਿੱਤ ਦਰਜ ਕਰੇਗੀ ਕੇ ਜਲੰਧਰ ਦਾ ਮੇਅਰ ਵੀ ‘ਆਪ’ ਦਾ ਹੀ ਬਣੇਗਾ।

ਇਸ ਮੌਕੇ ਨਵ-ਨਿਯੁਕਤ ਵਿਧਾਇਕ ਮੋਹਿੰਦਰ ਭਗਤ ਨੇ ਸਭ ਤੋਂ ਪਹਿਲਾਂ ਸਮੂਹ ਪੱਤਰਕਾਰਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਜਿੰਪਾ ਤੇ ਸਾਂਸਦ ਪਵਨ ਕੁਮਾਰ ਟੀਨੂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਹਾਈਕਮਾਨ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਸੀਐਮ ਮਾਨ ਦੇ ਕੰਮ ਵੇਖਕੇ ਵੋਟ ਪਾਏ, ਤਾਂ ਹੀ ਪਾਰਟੀ ਨੂੰ ਇਹ ਮੈਂਡੇਟ ਮਿਲਿਆ ਹੈ। ਇਹ ਸਾਡੀਆਂ ਨੀਤੀਆਂ ਤੇ ਕੰਮ ਦਾ ਨਤੀਜਾ ਹੈ।

ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਾਂ ਸਾਰੇ ਨਵੀਂ ਸ਼ੁਰੂਆਤ ਕਰਦਿਆਂ ਮਿਲ ਕੇ ਸਾਰੇ ਸ਼ਹਿਰ ਵਿੱਚ ਬਦਨਾਮ ਹੋਏ ਜਲੰਧਰ ਵੈਸਟ ਦੇ ਇਲਾਕੇ ਨੂੰ ਬਿਹਤਰ ਬਣਾਈਏ ਤੇ ਲੋਕਾਂ ਨੂੰ ਭਾਈਚਾਰੇ ਵਾਲਾ ਵਧੀਆ ਵਾਤਾਵਰਨ ਦੇਈਏ, ਤਾਂਕਿ ਸਾਰੇ ਆਪਸ ਵਿੱਚ ਰਲ਼ ਮਿਲ ਕੇ ਰਹਿ ਸਕਣ।

ਉਨਾਂ ਕਿਹਾ ਕਿ ਹੁਣ ਅਸੀਂ ਇਸ ਇਲਾਕੇ ਵਿੱਚ ਹਰ ਬੁਰਾਈ ਖ਼ਤਮ ਕਰਾਂਗੇ, ਚਾਹੇ ਨਸ਼ਾ ਹੋਵੇ, ਤਸਕਰੀ ਹੋਵੇ, ਸੱਟਾਬਾਜ਼ੀ ਹੋਵੇ ਜਾਂ ਹੋਰ, ਅਸੀਂ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਅੱਗੇ ਲੈ ਕੇ ਚੱਲਾਂਗੇ। ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਦੀ ਇੱਕ ਪਾਸੜ ਜਿੱਤ ਹੋਵੇਗੀ ਅਤੇ ਜਲੰਧਰ ਕਾਰਪੋਰੇਸ਼ਨ ਦਾ ਮੇਅਰ ਵੀ ਆਪ ਦਾ ਬਣੇਗਾ। ਆਪਣੀ ਗੱਲ ਖ਼ਤਮ ਕਰਦਿਆਂ ਉਨ੍ਹਾਂ “ਜੈ ਭਾਰਤ ਜੈ ਹਿੰਦ” ਦਾ ਨਾਅਰਾ ਲਾਇਆ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਜੇਪੀ ਨੂੰ ਦਿੱਤੀ ਸਲਾਹ

ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਜੇਪੀ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਜੋ ਉਨ੍ਹਾਂ ਦਾ 2022 ਤੇ ਲੋਕ ਸਭਾ ਚੋਣਾਂ ਵਿੱਚ ਹਾਲ ਹੋਇਆ, ਉਹੀ ਹੁਣ ਜ਼ਿਮਨੀ ਚੋਣ ਵਿੱਚ ਹੋਇਆ ਹੈ। ਉਨ੍ਹਾਂ ਨੂੰ ਹਰ ਵਾਰ ਮੂੰਹ ਦੀ ਖਾਣੀ ਪੈਂਦੀ ਹੈ। ਜਨਤਾ ਦਾ ਫਤਵਾ ਸਪਸ਼ਟ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਇੱਕ ਤਰਫਾ ਫਤਵਾ ਦਿੱਤਾ ਹੈ। ਇਹ ਆਪ ਦੀਆਂ ਨੀਤੀਆਂ ਤੇ ਸੀਐਮ ਮਾਨ ਦੀ ਕਾਰਗੁਜ਼ਾਰੀ ਤੇ ਵਿਕਾਸ ਕਾਰਜਾਂ ਦਾ ਨਤੀਜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਪਾਰਟੀ ਜਿੱਤ ਦਰਜ ਕਰੇਗੀ।

ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਨੂੰ ਦਿੱਤਾ ਕ੍ਰੈਡਿਟ

ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਘਰ ਜਲੰਧਰ ਸ਼ਿਫਟ ਕਰਨਾ ਤੇ ਇੱਥੇ ਆ ਤੇ ਡੇਰੇ ਲਾਉਣੇ ਪਾਰਟੀ ਲਈ ਬਹੁਤ ਲਈ ਲਾਹੇਵੰਦ ਸਾਬਿਤ ਹੋਇਆ। ਉਨ੍ਹਾਂ ਝੁਲਸਦੀ ਗਰਮੀ ਵਿੱਚ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਲੋਕਾਂ ਦਾ ਵਿਸ਼ਵਾਸ ਜਿੱਤਿਆ।

ਦੂਜਾ, ਉਮੀਦਵਾਰ ਲਈ ਮੋਹਿੰਦਰ ਭਗਤ ਦੀ ਚੋਣ ਪਾਰਟੀ ਲਈ ਲਾਹੇਵੰਦ ਸਾਬਿਤ ਹੋਈ। ਉਨ੍ਹਾਂ ਦੀ ਚੋਣ ਪਿੱਛੇ ਪਾਰਟੀ ਦੀ ਜੋ ਸੋਚ ਸੀ, ਉਹ ਪਾਰਟੀ ਦੀ ਜਿੱਤ ਦਾ ਕਾਰਨ ਬਣੀ। ਉਨ੍ਹਾਂ ਕਿਹਾ ਕਿ ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ। ਲੋਕਾਂ ਨੇ ਸ਼ੀਤਲ ਅੰਗੁਰਾਲ ਤੇ ਰਿੰਕੂ ਵਰਗੇ ਲੋਕਾਂ ਨੂੰ ਨਕਾਰਿਆ ਤੇ ਭਗਤ ਜੀ ਵਰਗੇ ਸ੍ਰੀ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੋਹਿੰਦਰ ਭਗਤ ਦੀ ਚੋਣ ਪਾਰਟੀ ਲਈ ‘ਕੈਟਾਲਿਸਟ’ ਸਾਬਿਤ ਹੋਈ ਹੈ। ਇਸ ਇਲਾਵਾ ਆਮ ਆਦਮੀ ਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਬਿਜਲੀ ਦੇ ਬਿੱਲ ਮੁਆਫ਼ ਕਰਨ ਵਰਗੀਆਂ ਨੀਤੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।

ਬ੍ਰਹਮ ਸ਼ੰਕਰ ਜਿੰਪਾ ਨੇ ਵੀ CM ਮਾਨ ਦੀ ਕੀਤੀ ਤਾਰੀਫ਼

ਜਿੰਪਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸੀਐਮ ਨੇ ਆਪ ਜਲੰਧਰ ਆ ਕੇ ਦੁਆਬੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ। ਉਨ੍ਹਾਂ ਦੇ ਯਤਨਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਮੋਹਿੰਦਰ ਭਗਤ ਦੀ ਸ਼ਰਾਫਤ ਦੇ ਕੱਦ ਦਾ ਵੀ ਪਾਰਟੀ ਨੂੰ ਫਾਇਦਾ ਮਿਲਿਆ।

ਲੋਕਾਂ ਦੇ ਵਿਸ਼ਵਾਸ ’ਤੇ ਖਰੇ ਉਤਰਾਂਗੇ – ਟੀਨੂੰ

ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਲੋਕਾਂ ਨੇ ਜੋ ਸੀਐਮ ਭਗਵੰਤ ਮਾਨ ਤੇ ਵਿਸ਼ਵਾਸ ਕੀਤਾ, ਇਹ ਉਸ ਦੀ ਜਿੱਤ ਹੈ ਅਤੇ ਪਿਛਲੇ 7 ਸਾਲਾਂ ਤੋਂ ਇਸ ਇਲਾਕੇ ਨੂੰ ਮਾੜੀਆਂ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣਾ ਕੇ ਰੱਖਣ ਵਾਲਿਆਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੰਟੀਅਰ ਤੋਂ ਲੈ ਕੇ ਉੱਪਰਲੇ ਲੀਡਰਾਂ ਤੱਕ ਇਕੱਠੀ ਹੋ ਕੇ ਲੜੀ ਹੈ। ਲੋਕਾਂ ਨੇ ਸਾਡੇ ਤੇ ਜੋ ਵਿਸ਼ਵਾਸ ਜਤਾਇਆ ਹੈ ਅਸੀਂ ਉਸ ਤੇ ਪੂਰੀ ਤਰ੍ਹਾਂ ਖਰੇ ਉੱਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।