ਆਮ ਆਦਮੀ ਪਾਰਟੀ (ਆਪ) ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਪੰਜਾਬ ਵਿਚ ਰਾਜ ਸਭਾ ਦੀ ਖਾਲੀ ਸੀਟ ਲਈ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਰਾਜਿੰਦਰ ਗੁਪਤਾ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਵਿਚ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਇਹ ਐਲਾਨ ਸੰਜੀਵ ਅਰੋੜਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਵਾਇਰਲ ਹੋਇਆ ਹੈ, ਜਿਸ ਨਾਲ ਪੰਜਾਬ ਵਿਚ ਰਾਜ ਸਭਾ ਦੀ ਇਕ ਸੀਟ ਖਾਲੀ ਹੋ ਗਈ ਸੀ। ਚੋਣ 24 ਅਕਤੂਬਰ ਨੂੰ ਹੋਵੇਗੀ। ਨਾਮਜ਼ਦਗੀਆਂ 6 ਤੋਂ 13 ਅਕਤੂਬਰ ਤੱਕ ਜਮ੍ਹਾਂ ਹੋਣਗੀਆਂ, ਪੜਤਾਲ 14 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 16 ਅਕਤੂਬਰ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।
ਆਮ ਆਦਮੀ ਪਾਰਟੀ ਦੀ PAC ਵੱਲੋਂ ਪੰਜਾਬ ਤੋਂ ਰਾਜ ਸਭਾ ਸੀਟ ਲਈ ਰਜਿੰਦਰ ਗੁਪਤਾ ਜੀ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ। ਰਜਿੰਦਰ ਗੁਪਤਾ ਜੀ ਨੂੰ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ। pic.twitter.com/9Pp8gIOzB4
— AAP Punjab (@AAPPunjab) October 5, 2025
ਇਸੇ ਵਿਚਕਾਰ ਰਾਜਿੰਦਰ ਗੁਪਤਾ ਨੇ ਕੱਲ੍ਹ ਆਰਥਿਕ ਅਤੇ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ (ਕੈਬਨਿਟ ਰੈਂਕ) ਅਤੇ ਮੰਦਿਰ ਸ੍ਰੀ ਕਾਲੀ ਦੇਵੀ ਮਾਤਾ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਵੀ ਮਿਲ ਗਈ ਹੈ।
ਗੁਪਤਾ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ਹੁਣ ਆਪ ਸਰਕਾਰਾਂ ਵਿਚ ਲਗਾਤਾਰ ਯੋਜਨਾ ਬੋਰਡ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਫੈਸਲਾ ਆਪ ਦੀ ਰਾਜ ਸਭਾ ਰਣਨੀਤੀ ਨੂੰ ਮਜ਼ਬੂਤ ਕਰਨ ਵਾਲਾ ਮੰਨਿਆ ਜਾ ਰਿਹਾ ਹੈ।