Lok Sabha Election 2024 Punjab

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ! ਬੀਜੇਪੀ ਦੇ ਦਿੱਗਜ ਆਗੂ ਦੇ ਪੁੱਤਰ ਨੂੰ ਬਣਾਇਆ ਉਮੀਦਵਾਰ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – 10 ਜੁਲਾਈ ਨੂੰ ਜਲੰਧਰ ਪੱਛਮੀ (JALANDHAR WEST) ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮਹਿੰਦਰ ਭਗਤ (Mohinder Bhagat) ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉਹ ਪਹਿਲਾਂ 2017 ਵਿੱਚ ਬੀਜੇਪੀ ਦੀ ਟਿਕਟ ‘ਤੇ ਜਲੰਧਰ ਪੱਛਮੀ ਤੋਂ ਚੋਣ ਲੜ ਚੁੱਕੇ ਹਨ ਪਰ ਹਾਰ ਗਏ ਸਨ। ਉਨ੍ਹਾਂ ਨੂੰ ਉਸ ਵੇਲੇ 36,649 ਵੋਟਾਂ ਮਿਲੀਆਂ ਸਨ। 2023 ਦੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਮਹਿੰਦਰ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦਾ ਜਲੰਧਰ ਹਲਕੇ ਵਿੱਚ ਬਹੁਤ ਵੱਡਾ ਕੱਦ ਹੈ। ਬਾਦਲ ਸਰਕਾਰ ਵਿੱਚ ਉਹ ਕਈ ਵਾਰ ਮੰਤਰੀ ਰਹੇ ਸਨ। ਬੀਜੇਪੀ ਦੇ ਵੱਲੋਂ ਉਹ ਸਭ ਤੋਂ ਵੱਡਾ ਦਲਿਤ ਚਿਹਰਾ ਸਨ। 2012 ਵਿੱਚ ਉਹ ਬਾਦਲ ਕੈਬਨਿਟ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਉਮਰਦਰਾਜ਼ ਮੰਤਰੀ ਸਨ। ਜਦੋਂ 2023 ਵਿੱਚ ਪੁੱਤਰ ਮਹਿੰਦਰ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਤਾਂ ਬੀਜੇਪੀ ਦੇ ਸਾਰੇ ਦਿੱਗਜ ਆਗੂ ਭਗਤ ਚੁੰਨੀ ਲਾਲ ਨੂੰ ਮਨਾਉਣ ਦੇ ਲਈ ਪਹੁੰਚੇ ਸਨ ਕਿ ਉਹ ਆਮ ਆਦਮੀ ਪਾਟਰੀ ਵਿੱਚ ਸ਼ਾਮਲ ਨਾ ਹੋਣ, ਉਸ ਵੇਲੇ ਭਗਤ ਚੁੰਨੀ ਲਾਲ ਮੰਨ ਗਏ ਸਨ ਪਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਗਤ ਚੁੰਨੀ ਲਾਲ ਨੇ ਬੀਜੇਪੀ ਨੂੰ ਕਿਹਾ ਸੀ ਕਿ ਉਹ ਮੇਰੇ ਨਾਂ ਦੀ ਵਰਤੋਂ ਨਾ ਕਰਨ।

2022 ਵਿੱਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਸਤੀਫ਼ਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। 30 ਮਈ ਨੂੰ ਸਪੀਕਰ ਕੁਲਤਾਰ ਸੰਧਵਾਂ ਨੇ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ। 1 ਜੂਨ ਨੂੰ ਸ਼ੀਤਲ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ।

ਜਲੰਧਰ ਲੋਕ ਸਭਾ ਚੋਣ ਵਿੱਚ ਆਪ ਦਾ ਮਾੜਾ ਪ੍ਰਦਰਸ਼ਨ

ਜਲੰਧਰ ਲੋਕ ਸਭਾ ਚੋਣ 2024 ਵਿੱਚ ਜਲੰਧਰ ਪੱਛਮੀ ਵਿਧਾਨਸਭਾ ਸੀਟ ‘ਤੇ ਕਾਂਗਰਸ ਨੂੰ ਬੀਜੇਪੀ ਦੇ ਮੁਕਾਬਲੇ 2 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ ਮਿਲੀ ਸੀ। ਜਕਦਿ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨਾਲ ਪੱਛੜ ਗਈ ਸੀ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਪੱਛਮੀ ਤੋਂ 44,394 ਮਿਲੀਆਂ ਸਨ ਜਦਕਿ ਬੀਜੇਪੀ ਦੇ ਉਮੀਦਵਾਰ ਨੂੰ 42,827 ਵੋਟਾਂ ਮਿਲਆਂ। ਆਮ ਆਦਮੀ ਪਾਰਟੀ ਦੇ ਪਵਨ ਟੀਨੂੰ ਨੂੰ ਸਿਰਫ਼ 15,629 ਮਿਲੀਆਂ ਸਨ।

ਇਹ ਵੀ ਪੜ੍ਹੋ – ਫਰਿੱਜ ’ਚੋਂ ਕਥਿਤ ਤੌਰ ’ਤੇ ‘ਬੀਫ’ ਮਿਲਣ ’ਤੇ 11 ਘਰਾਂ ’ਤੇ ਚੱਲਿਆ ਬੁਲਡੋਜ਼ਰ