India Punjab

ਚੰਡੀਗੜ੍ਹ ਤਾਂ ਅਜੇ ਸ਼ੁਰੂਆਤ ਹੈ, ਪੰਜਾਬ ਅਜੇ ਬਾਕੀ ਹੈ – ‘ਆਪ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਨਿਗਮ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸ ਨੂੰ ਬਦਲਾਅ ਵੱਲ ਇਸ਼ਾਰਾ ਕਿਹਾ ਹੈ, ਜਦਕਿ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ ਹੈ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਪੂਰੇ ਪੰਜਾਬ ਵਿੱਚ ਜਿੱਤ ਅਜੇ ਬਾਕੀ ਹੈ। ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸਿਟੀ ਬਿਊਟੀਫਲ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਲੋਕ ਵਿਕਾਸ ਕਰਨ ਵਾਲੀ ਸਰਕਾਰ ਨੂੰ ਪਸੰਦ ਕਰਦੇ ਹਨ। ਅੱਜ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਨੂੰ ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਆਪ ਦੀ ਜਿੱਤ ਤਾਂ ਅਜੇ ਟ੍ਰੇਲਰ ਹੀ ਹੈ, ਅਜੇ ਤਾਂ ਪੂਰਾ ਪੰਜਾਬ ਜਿੱਤਣਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਤੋਂ ਵੱਧ ਲਹਿਰ ਹੋਵੇਗੀ। ਉਨ੍ਹਾਂ ਇਸ ਮੌਕੇ ਕਿਸਾਨਾਂ ਵੱਲੋਂ ਪਾਰਟੀ ਬਣਾਏ ਜਾਣ ‘ਤੇ ਵਧਾਈ ਦਿੰਦਿਆਂ ਕਿਸਾਨ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਸਾਨਾਂ ਦੀ ਪਾਰਟੀ ਨਾਲ ਗਠਜੋੜ ਬਾਰੇ ਕਿਹਾ ਕਿ ਪਾਰਟੀ ਦੀ ਕਿਸੇ ਗਠਜੋੜ ਬਾਰੇ ਗੱਲਬਾਤ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਹਾਲੇ ਤੱਕ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਾਰਟੀ ਵਿੱਚ ਟਿਕਟ ਨਾ ਮਿਲਣ ‘ਤੇ ਬਗਾਵਤ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਜਿਸ ਨੂੰ ਟਿਕਟ ਨਹੀਂ ਮਿਲੀ, ਉਹ ਤਾਂ ਰੁੱਸਦਾ ਹੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਕਿਹਾ ਕਿ ਜੋ ਵੀ ਰੁੱਸਿਆ ਹੈ, ਅਸੀਂ ਉਨ੍ਹਾਂ ਨੂੰ ਸਮਝਾ ਲਵਾਂਗੇ, ਇਹ ਪਾਰਟੀ ਦਾ ਪਰਿਵਾਰਕ ਮਸਲਾ ਹੈ।

ਇਸ ਨਾਲ ਹੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਉਮੀਦ ਸੀ ਕਿ ਚੰਡੀਗੜ੍ਹ ‘ਚ ਅਸੀਂ ਜਿੱਤਾਂਗੇ ਅਤੇ ਉਹੀ ਹੋਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤਾਂ ਅਜੇ ਝਾਕੀ ਹੈ, ਪੂਰਾ ਪੰਜਾਬ ਜਿੱਤਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਇੱਕ ਨਮੂਨਾ ਸੀ, ਪੂਰੀ ਫਿਲਮ ਬਾਕੀ ਹੈ। ਚੱਢਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭਾਜਪਾ-ਕਾਂਗਰਸ ਹੁੰਦਾ ਆਇਆ ਹੈ, ਹੁਣ ਲੋਕਾਂ ਨੇ ਆਪ ਨੂੰ ਆਸ਼ੀਰਵਾਦ ਦਿੱਤਾ ਹੈ, ਜਿਸ ਨੂੰ ਅਸੀਂ ਹਰ ਤਰੀਕੇ ਨਾਲ ਪੂਰਾ ਕਰਾਂਗੇ।

ਜਿੱਤ ਪਿੱਛੋਂ ਆਮ ਆਦਮੀ ਪਾਰਟੀ ਦੇ ਸੈਕਟਰ 29 ਦਫ਼ਤਰ ਵਿੱਚ ਢੋਲ ਵੱਜਣੇ ਸ਼ੁਰੂ ਹੋ ਗਏ ਸਨ, ਪਰ ਭਗਵੰਤ ਮਾਨ ਨੇ ਆ ਕੇ ਰੁਕਵਾ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹੀਦੀ ਦੇ ਦਿਨ ਹਨ, ਇਸ ਲਈ ਜਸ਼ਨ ਨਹੀਂ ਮਨਾਇਆ ਜਾਣਾ ਚਾਹੀਦਾ। ਮਾਨ ਨੇ ਕਿਹਾ ਕਿ ਅੱਜ ਨਾ ਤਾਂ ਲੱਡੂ ਵੰਡੇ ਜਾਣ ਅਤੇ ਨਾ ਹੀ ਖੁਸ਼ੀਆਂ ਮਨਾਈਆਂ ਜਾਣ। ਕੱਲ੍ਹ ਤੋਂ ਬਾਅਦ ਖੁਸ਼ੀਆਂ ਮਨਾ ਸਕਦੇ ਹੋ।