ਲੰਡਨ : ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਨ ਦੇ ਵਿਦੇਸ਼ਾਂ ਵਿੱਚ ਰਹੇ ਹਨ । ਪਰ ਰੋਜ਼ਾਨਾ ਵਿਦੇਸ਼ਾਂ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਹਨ । ਲਗਾਤਾਰ ਵੱਧ ਰਹੀਆਂ ਘਟਨਾਵਾਂ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਅਜਿਹੀ ਇੱਕ ਮੰਦਭਾਗੀ ਖ਼ਬਰ ਲੰਡਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਲੜਕੀ ਦਾ ਚਾਕੂ ਮਾਰ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ ਇੱਕ ਲੜਕੀ ਦਾ ਲੰਡਨ ਵਿੱਚ ਉਸ ਦੇ ਪਤੀ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਹਿਕ ਸ਼ਰਮਾ ਵਾਸੀ ਪਿੰਡ ਜੋਗੀ ਚੀਮਾ ਵਜੋਂ ਹੋਈ ਹੈ। ਮਹਿਕ ਦੀ ਮਾਂ ਮਧੂਬਾਲਾ ਨੇ ਦੱਸਿਆ ਕਿ ਉਹ ਵਿਧਵਾ ਹੈ। ਉਸ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ।
ਉਸ ਦੀ ਬੇਟੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। 20 ਨਵੰਬਰ 2022 ਨੂੰ ਉਹ ਸਟੱਡੀ ਵੀਜ਼ੇ ‘ਤੇ ਲੰਡਨ ਗਈ ਸੀ। ਕੁਝ ਮਹੀਨਿਆਂ ਬਾਅਦ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਊਸ ਵੀਜ਼ੇ ‘ਤੇ ਉਸ ਕੋਲ ਲੰਡਨ ਚਲਾ ਗਿਆ।ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰ ਲਿਆ ਸੀ।
ਇਸ ਸਮੇਂ ਉਹ ਫੈਬੂਲਸ ਹੋਮ ਕੇਅਰ ਲਿਮਟਿਡ ‘ਚ ਕੇਅਰਟੇਕਰ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਮਧੂਬਾਲਾ ਨੇ ਦੋਸ਼ ਲਗਾਇਆ ਕਿ ਲੰਡਨ ਜਾਣ ਤੋਂ ਬਾਅਦ ਸਾਹਿਲ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀ ਧੀ ‘ਤੇ ਸ਼ੱਕ ਕਰਦਾ ਸੀ ਅਤੇ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਸੀ। ਉਹ ਲਗਾਤਾਰ ਆਪਣੀ ਬੇਟੀ ਨੂੰ ਫ਼ੋਨ ਕਰ ਰਹੀ ਸੀ ਪਰ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਲੰਡਨ ਤੋਂ ਫੋਨ ਆਇਆ ਕਿ ਉਸ ਦੀ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਲੰਡਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਧੂਬਾਲਾ ਨੇ ਦੱਸਿਆ ਕਿ ਇਹ ਕਤਲ ਉਸ ਦੇ ਜਵਾਈ ਸਾਹਿਲ ਸ਼ਰਮਾ ਨੇ ਕੀਤਾ ਹੈ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ।ਇਸ ਸਬੰਧੀ ਐੱਸ ਐੱਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।