India Punjab

ਲੁਧਿਆਣਾ ‘ਚ ਇਕ ਨੌਜਵਾਨ ਨੂੰ ਚਲਦੀ ਰੇਲ੍ਹ ‘ਚੋਂ ਸੁੱਟਿਆ ਬਾਹਰ

ਲੁਧਿਆਣਾ (Ludhiana) ‘ਚ ਚਲਦੀ ਟਰੇਨ ਤੋਂ ਇਕ ਨੌਜਵਾਨ ਨੂੰ ਹੇਠਾਂ ਸੁੱਟ ਦਿੱਤਾ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਦੀ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਸਰੀਰ ਦੇ ਥੱਲੜੇ ਹਿੱਸੇ ਨੂੰ ਅਧਰੰਗ ਹੋਣ ਦੀ ਵੀ ਸੂਚਨਾ ਹੈ।

ਇਹ ਘਟਨਾ ਇਕ ਮਹਿਨੇ ਪਹਿਲਾਂ ਦੀ ਹੈ। ਨੌਜਵਾਨ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਰੇਲਵੇ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਅਕਤੀ ਦੀ ਪਹਿਚਾਣ ਤੁਸ਼ਾਰ ਠਾਕੁਰ ਜੰਮੂ ਵਜੋਂ ਹੋਈ ਹੈ। ਇਹ ਵਿਅਕਤੀ ਜੰਮੂ ਤੋਂ ਗੁਜਰਾਤ ਦੇ ਅਹਿਮਦਾਬਾਦ ਜਾ ਰਿਹਾ ਸੀ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਨੇੜੇ ਕੁਝ ਲੋਕ ਸਿਗਰਟ ਪੀ ਰਹੇ ਸਨ। ਜਦੋਂ ਇਸ ਨੇ ਉਨ੍ਹਾਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਨੂੰ ਚਲਦੀ ਰੇਲ੍ਹ ਵਿੱਚੋਂ ਫੜ ਕੇ ਬਾਹਰ ਸੁੱਟ ਦਿੱਤਾ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਰੇਲ ਵਿੱਚ ਤਿੰਨ ਵਿਅਕਤੀ ਸਿਗਰਟ ਪੀ ਰਹੇ ਸਨ, ਜਿਨ੍ਹਾਂ ਵਿੱਚ ਇਕ ਪੱਗ ਵਾਲਾ ਵਿਅਕਤੀ ਵੀ ਸ਼ਾਮਲ ਸੀ। ਪਹਿਲਾਂ ਤਾਂ ਉਸ ਦੀ ਉਨ੍ਹਾਂ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਜਦੋਂ ਉਹ ਬਾਥਰੂਮ ਵਿੱਚੋਂ ਵਾਪਸ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਬਾਹਰ ਸੁੱਟ ਦਿੱਤਾ। ਉਸ ਨੇ ਪੁਲਿਸ ਨੂੰ ਟਾਇਪ ਕਰਕੇ ਦੱਸਿਆ ਕਿ ਉਸ ਨੂੰ ਡਿੱਗਣ ਤੋਂ ਬਾਅਦ ਕੁੱਝ ਵੀ ਯਾਦ ਨਹੀਂ ਹੈ ਪਰ ਜੇਕਰ ਉਹ ਵਿਅਕਤੀ ਉਸ ਦੇ ਸਾਹਮਣੇ ਆ ਜਾਣ ਤਾਂ ਉਹ ਉਨ੍ਹਾਂ ਨੂੰ ਪਛਾਣ ਲਵੇਗਾ। ਉਸ ਨੇ ਦੱਸਿਆ ਕਿ ਉਹ ਅੱਜ ਵੀ ਵੈਂਟੀਲੇਟਰ ਉੱਤੇ ਹੈ ਅਤੇ ਉਸ ਨੂੰ ਬੋਲਣ ਵਿੱਚ ਕਾਫੀ ਦਿੱਕਤ ਆ ਰਹੀ ਹੈ।

ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਬੈਗ ਵੀ ਰੇਲ ਵਿੱਚ ਹੀ ਰਹਿ ਗਿਆ ਸੀ ਅਤੇ ਉਹ 19 ਮਈ ਨੂੰ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਹੁਣ ਇਹ ਕਦੇ ਵੀ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ –  ਲੋਕ ਸਭਾ ਮੁਲਤਵੀ ਹੋਣ ਤੋਂ ਬਾਅਦ NEET ਉਮੀਦਵਾਰਾਂ ਨੂੰ ਰਾਹੁਲ ਗਾਂਧੀ ਨੇ ਕੀ ਕਿਹਾ?