ਅੰਮ੍ਰਿਤਸਰ : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ (Sri Darbar Sahib) ਨੇੜੇ ਇੱਕ ਮਾਮੂਲੀ ਗੱਲ ਤੋਂ ਹੋਈ ਤਕਰਾਰ ਮਗਰੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿ ਆਰਾਂ ਨਾਲ ਕਤ ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ (Harmanjit Singh) ਉਰਫ ਮਨੀ ਵਜੋਂ ਹੋਈ ਹੈ। ਪੁਲੀਸ (Police) ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨਿਹੰਗ ਬਾਣਾ ਧਾਰਕ ਵੀ ਸ਼ਾਮਲ ਹਨ। ਪੁਲੀਸ ਵੱਲੋਂ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ, ਤਰਨਦੀਪ ਸਿੰਘ ਤੇ ਰਮਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ ਰਮਨਦੀਪ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਹਰਮਨਜੀਤ ਘਰੇ ਨਾ ਮੁੜਿਆ ਤਾਂ ਉਹ ਉਸ ਨੂੰ ਲੱਭਣ ਗਏ। ਇਸ ਮੌਕੇ ਉਸ ਨੂੰ ਰਾਹ ਵਿੱਚ ਹਰਮਨਜੀਤ ਦੀ ਲਾਸ਼ ਪਈ ਮਿਲੀ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਦੱਸਿਆ ਕਿ ਬੀਤੀ ਰਾਤ ਦੋ ਨਿਹੰਗਾਂ ਸਣੇ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ।
ਇਸ ਘਟਨਾ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ, ਜਿਸ ਵਿੱਚ ਤਿੰਨ ਵਿਅਕਤੀ ਹਰਮਨਜੀਤ ’ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਚਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਵੀ ਖ਼ਬਰ ਮਿਲੀ ਹੈ, ਪਰ ਹਾਲੇ ਪੁਲੀਸ ਵੱਲੋਂ ਇਸ ਦੀ ਪੁਸ਼ਟੀ ਨਹੀ ਕੀਤੀ ਗਈ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਹਰਮਨਜੀਤ ’ਤੇ ਸ਼ਰਾਬ ਪੀਤੀ ਹੋਣ ਅਤੇ ਤੰਬਾਕੂ ਖਾਣ ਦਾ ਦੋਸ਼ ਲਾਉਂਦਿਆਂ ਨਿਹੰਗ ਬਾਣੇ ਵਿੱਚ ਦੋ ਵਿਅਕਤੀਆਂ ਨੇ ਉਸ ਨਾਲ ਝਗੜਾ ਕੀਤਾ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸੀਸੀਟੀਵੀ ਫੁਟੇਜ (CCTV Footage) ਦੇ ਆਧਾਰ ਉੱਤੇ ਦੱਸਿਆ ਕਿ ਇੱਕ ਵਾਰ ਤਾਂ ਮਰਨ ਵਾਲਾ ਹਮਲਾ ਕਰਨ ਵਾਲੇ ਦੋਵਾਂ ਵਿਅਕਤੀਆਂ ਉੱਤੇ ਭਾਰੂ ਪੈ ਜਾਂਦਾ ਹੈ। ਇਸ ਤੋਂ ਬਾਅਦ ਇੱਕ ਹੋਰ ਬੰਦਾ ਉਨ੍ਹਾਂ ਦੇ ਨਾਲ ਆ ਰਲਿਆ ਅਤੇ ਹਰਮਨਜੀਤ ਸਿੰਘ ਉੱਤੇ ਹਮਲਾ ਕਰ ਦਿੰਦਾ ਹੈ। ਇੱਕ ਵਾਰ ਤਾਂ ਮਰਨ ਵਾਲਾ ਵਿਅਕਤੀ ਉੱਠ ਕੇ ਤੁਰ ਪੈਂਦਾ ਹੈ ਪਰ ਕੁਝ ਦੂਰੀ ਉੱਤੇ ਜਾ ਕੇ ਉਹ ਡਿੱਗ ਪੈਂਦਾ ਹੈ। ਸਾਰੀ ਰਾਤ ਉਕਤ ਵਿਅਕਤੀ ਉੱਥੇ ਹੀ ਪਿਆ ਰਹਿੰਦਾ ਹੈ ਅਤੇ ਸਵੇਰੇ ਪੁਲਿਸ ਨੂੰ ਉਸਦੀ ਲਾਸ਼ ਮਿਲਦੀ ਹੈ। ਸਾਰੀ ਰਾਤ ਕਿਸੇ ਨੇ ਵੀ ਉਸ ਜ਼ਖ਼ਮੀ ਦੀ ਸਾਰ ਲਈ, ਨਾ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਨਾ ਹੀ ਐਂਬੂਲੈਂਸ ਨੂੰ ਫੋਨ ਕੀਤਾ।