ਪਟਿਆਲਾ ਵਿੱਚ ਕੇਬਲ ਨੈੱਟਵਰਕ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਤ੍ਰਿਪੜੀ ਦੇ ਆਨੰਦ ਨਗਰ ਇਲਾਕੇ ਵਿੱਚ ਇੱਕ ਆਪਰੇਟਰ ਨਾਲ ਕੁੱਟਮਾਰ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਕੇਬਲ ਸਬੰਧੀ ਸ਼ਿਕਾਇਤ ਮਿਲਣ ’ਤੇ ਕੁਝ ਵਿਅਕਤੀਆਂ ਨੇ ਤਾਰਾਂ ਦੀ ਮੁਰੰਮਤ ਕਰਨ ਆਏ ਅਪਰੇਟਰ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿੱਚ ਕੇਬਲ ਆਪਰੇਟਰ ਦਾ ਅੰਗੂਠਾ ਕੱਟ ਦਿੱਤਾ ਗਿਆ ਅਤੇ ਜ਼ਖ਼ਮੀ ਦੀ ਪਛਾਣ ਸੋਨੂੰ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨੂੰ ਬਚਾਉਣ ਆਇਆ ਇਕ ਹੋਰ ਨੌਜਵਾਨ ਵੀ ਜ਼ਖਮੀ ਹੋ ਗਿਆ ਅਤੇ ਦੋਵਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜ਼ਖ਼ਮੀ ਸੋਨੂੰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਤ੍ਰਿਪੜੀ ਇਲਾਕੇ ਵਿੱਚ ਗਿਆ ਹੋਇਆ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਕਾਰ ‘ਚ ਆਏ ਕਰੀਬ 5 ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਹਮਲਾਵਰਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦਾ ਇਕ ਅੰਗੂਠਾ ਕੱਟ ਗਿਆ ਅਤੇ ਉਸ ਦੇ ਹੱਥ ‘ਚ 10 ਦੇ ਕਰੀਬ ਟਾਂਕੇ ਲੱਗੇ। ਉਨਾਂ ਨੇ ਦੋਸ਼ ਲਗਾਇਆ ਕਿ ਇੰਨ੍ਹਾਂ ਹਮਲਾਵਰਾਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਦਾ ਹੱਥ ਹੈ।