ਮੁਹਾਲੀ : ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਪਿੰਡ ਦਿਆਲਪੁਰਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਦੇ ਅਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਪਿਤਾ ਵਿਦੇਸ਼ ਵਿੱਚ ਕੰਮ ਕਰਦੇ ਹਨ, ਜੋ ਆਪਣੇ ਲੜਕੇ ਦੀ ਮੌਤ ਤੋਂ ਬਾਅਦ ਪਿੰਡ ਪਹੁੰਚ ਗਏ ਹਨ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਅਮਨਪ੍ਰੀਤ ਸਿੰਘ ਉਰਫ਼ ਹੈਰੀ ਆਪਣੇ ਦੋਸਤ ਗੁਰਸੇਵਕ ਸਿੰਘ, ਅਸ਼ਵਿੰਦਰ ਸਿੰਘ, ਹਰਮਨਜੀਤ ਸਿੰਘ ਨੇ ਨਾਲ ਲੰਘੇ ਵੀਰਵਾਰ ਸ਼ਾਮ ਘਰ ਤੋਂ ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਗਏ ਸੀ। ਰਾਹ ਵਿੱਚ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਗਏ ਸੀ।
ਮ੍ਰਿਤਕ ਦੇ ਨਾਲ ਗਏ ਉਸ ਦੇ ਦੋਸਤ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਚਾਰੇ ਦੋਸਤ ਐਤਵਾਰ ਸ਼ਾਮ ਛੇ ਵਜੇ ਗੋਬਿੰਦ ਧਾਮ ਗੁਰਦੁਆਰੇ ਪਹੁੰਚ ਗਏ ਸੀ। ਗੁਰਦੁਆਰੇ ਕਮਰਾ ਨਾ ਮਿਲਣ ’ਤੇ ਉਨ੍ਹਾਂ ਨੇ ਇਕ ਹੋਟਲ ਵਿੱਚ ਕਮਰਾ ਲਿਆ। ਇਸ ਦੌਰਾਨ ਅਮਨਪ੍ਰੀਤ ਸਿੰਘ ਦਾ ਬਲੱਡ ਪ੍ਰੈਸ਼ਰ ਘਟਣ ਕਾਰਨ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਨੇੜਲੀ ਇਕ ਡਿਸਪੈਂਸਰੀ ਵਿੱਚ ਦਿਖਾਇਆ ਗਿਆ।
ਡਾਕਟਰ ਨੇ ਦਵਾਈ ਦੇ ਕੇ ਆਰਾਮ ਕਰਨ ਲਈ ਕਿਹਾ। ਸ਼ਾਮ ਅੱਠ ਵਜੇ ਉਹ ਸੌਂ ਗਿਆ ਸੀ। ਰਾਤ ਨੂੰ ਦਸ ਵਜੇ ਅਮਨਪ੍ਰੀਤ ਸਿੰਘ ਨੂੰ ਲੰਗਰ ਖਾਣ ਲਈ ਉਠਾਉਣ ਲੱਗੇ ਤਾਂ ਉਹ ਨਹੀਂ ਉੱਠਿਆ। ਉਨ੍ਹਾਂ ਨੂੰ ਲੱਗਿਆ ਕਿ ਤਬੀਅਤ ਖ਼ਰਾਬ ਹੋਣ ਕਾਰਨ ਉਹ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਹੈ। ਉਹ ਲੰਗਰ ਖਾ ਕੇ ਸੌਂ ਗਏ। ਜਦ ਸਵੇਰ ਉਠਾਇਆ ਤਾਂ ਉਹ ਉੱਠਿਆ ਨਹੀਂ। ਉਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ, ਜਿਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਸ ਦੀ ਲਾਸ਼ ਨੂੰ ਉਹ ਵਾਪਸ ਲੈ ਕੇ ਆਏ। ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਥੇ ਆਕਸੀਜ਼ਨ ਦੀ ਕਮੀ ਸੀ ਜਿਸ ਕਾਰਨ ਤਿੰਨ ਹੋਰਨਾਂ ਲੋਕਾਂ ਦੀ ਵੀ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਸਾਹ ਘੁਟਣ ਜਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ।
ਮਿ੍ਤਕ ਅਮਨਪ੍ਰਰੀਤ ਗਿੱਲ ਦੇ ਦੋਸਤ ਵੀ ਸਦਮੇ ‘ਚ ਹਨ। ਮਿ੍ਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਖੇਤਰ ਦੀਆਂ ਸਮੂਹ ਸਿਆਸੀ, ਧਾਰਮਿਕ, ਸਮਾਜਸੇਵੀ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।