ਪਿਛਲੇ ਦਿਨ ਹੀ ਇਕ ਸਮੁੰਦਰੀ ਜਹਾਜ਼ ਯੂ. ਏ. ਈ. ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ‘ਚ ਹਾਦਸਾਗ੍ਰਸਤ ਹੋ ਗਿਆ ਜਿਸ ਦੇ ਚਲਦੇ 16 ਕਰੂ ਮੈਂਬਰ ਲਾਪਤਾ ਦਸੇ ਜਾ ਰਹੇ ਸੀ, ਜਿਨ੍ਹਾਂ ‘ਚੋਂ 10 ਨੂੰ ਰੈਸਕਿਉ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦਸਾਂ ‘ਚੋਂ ਇਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦਸੇ ਜਾ ਰਹੇ ਹਨ। ਜਿਨ੍ਹਾਂ ‘ਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ।
ਇਨ੍ਹਾਂ ਚਾਰਾਂ ’ਚੋਂ ਇਕ ਪਠਾਨਕੋਟ ਦਾ ਵਸਨੀਕ ਹੈ ਜਿਸ ਦਾ ਨਾਮ ਰਾਜਿੰਦਰ ਸਿੰਘ ਦਸਿਆ ਜਾ ਰਿਹਾ ਹੈ। ਰਾਜਿੰਦਰ ਸਿੰਘ ਇਸ ਸਮੁੰਦਰੀ ਜਹਾਜ਼ ’ਚ ਬਤੌਰ ਚੀਫ਼ ਅਫ਼ਸਰ ਤਾਇਨਾਤ ਸੀ ਜਿਸ ਦਾ ਅਜੇ ਤਕ ਕੋਈ ਵੀ ਪਤਾ ਨਹੀਂ ਚਲ ਸਕਿਆ। ਇਸ ਦੇ ਚਲਦੇ ਪ੍ਰਵਾਰ ’ਚ ਸੋਗ ਦੀ ਲਹਿਰ ਹੈ ਅਤੇ ਪ੍ਰਵਾਰ ਵਾਲੇ ਕਾਫ਼ੀ ਪ੍ਰੇਸ਼ਾਨ ਹਨ। ਇਸ ਸਬੰਧੀ ਜਦ ਪ੍ਰਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਸਰ ਰਾਜਿੰਦਰ ਵਲੋਂ ਅਪਣੇ ਕਰੂ ਮੈਂਬਰਾਂ ਨਾਲ ਫ਼ੋਟੋਆਂ ਅਤੇ ਵੀਡੀਉ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਪਰ ਪਿਛਲੇ ਸੱਤ ਦਿਨ ਤੋਂ ਉਨ੍ਹਾਂ ਦਾ ਨਾ ਕੋਈ ਫ਼ੋਨ ਆਇਆ ਅਤੇ ਨਾ ਹੀ ਕੋਈ ਫ਼ੋਟੋ ਸ਼ੇਅਰ ਕੀਤੀ ਗਈ।
ਪ੍ਰਵਾਰ ਨੇ ਦਸਿਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਜਹਾਜ਼ ਹਾਦਸਾਗ੍ਰਸਤ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਇਸ ਮੌਕੇ ਉਨ੍ਹਾਂ ਸਰਕਾਰਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਸਰਚ ਆਪ੍ਰੇਸ਼ਨ ਬੰਦ ਨਾ ਕਰ ਦਿਤਾ ਗਿਆ ਹੋਵੇ। ਇਸ ਲਈ ਸਾਡੀ ਭਾਰਤ ਸਰਕਾਰ ਅੱਗੇ ਅਪੀਲ ਹੈ ਕਿ ਜਦ ਤਕ ਰਾਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਇਹ ਸਰਚ ਆਪ੍ਰੇਸ਼ਨ ਇਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਚਲ ਸਕੇ ਕਿ ਆਖ਼ਰ ਉਨ੍ਹਾਂ ਦੇ ਪ੍ਰਵਾਰਿਕ ਮੈਂਬਰ ਦਾ ਹਾਲ ਕੀ ਹੈ।