Punjab

ਅਮਰੀਕਾ ਤੋਂ ਡੀਪੋਰਟ ਹੋ ਕੇ ਆਏ ਫ਼ਤਹਿਗੜ੍ਹ ਚੂੜੀਆਂ ਦੇ ਨੌਜਵਾਨ ਨੇ ਸੁਣਾਈ ਆਪਬੀਤੀ

ਅਮਰੀਕਾ ਤੋਂ ਡੀਪੋਰਟ ਹੋ ਕੇ ਬੁਧਵਾਰ ਨੂੰ ਵਾਪਸ ਪੰਜਾਬ ਆਏ ਫ਼ਤਹਿਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਨੇ ਆਪਣੀ ਹੱਡਬੀਤੀ ਦੱਸੀ। ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਹਰਦੋਰਵਾਲ ਦਾ ਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਸ਼ਾਮਿਲ ਹੈ ਜੋ ਕਿ ਕਰੀਬ ਇਕ ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਗਿਆ ਸੀ ਅਤੇ ਜਾਣਕਾਰੀ ਮੁਤਾਬਕ ਉਹ ਪਿਛਲੇ ਕਰੀਬ 12 ਕੁ ਦਿਨਾਂ ਤੋਂ ਅਮਰੀਕਾ ਪਹੁੰਚਿਆ ਸੀ। ਜਸਪਾਲ ਸਿੰਘ ਦੀ ਮਾਤਾ ਸ਼ਿੰਦਰ ਕੌਰ ਨੇ ਕਿਹਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਮੇਰਾ ਬੇਟਾ ਅਮਰੀਕਾ ਤੋਂ ਸੁਰੱਖਿਅਤ ਘਰ ਆ ਗਿਆ।

ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਏਜੰਟ ਨਾਲ 30 ਲੱਖ ਰੁਪਏ ’ਚ ਗੱਲ ਹੋਈ ਸੀ ਕਿ ਉਸ ਨੂੰ ਜਾਇਜ਼ ਤਰੀਕੇ ਨਾਲ ਵੀਜ਼ਾ ਲਗਵਾ ਕੇ ਅਮਰੀਕਾ ਭੇਜਿਆ ਜਾਵੇਗਾ, ਪਰ ਉਨ੍ਹਾਂ ਨਾਲ ਧੋਖਾ ਹੋਇਆ। ਉਨ੍ਹਾਂ ਕਿਹਾ, ‘‘ਮੈਂ ਪਿਛਲੇ ਸਾਲ ਜੁਲਾਈ ਮਹੀਨੇ ’ਚ ਰਵਾਨਾ ਹੋਇਆ ਸੀ। ਬ੍ਰਾਜ਼ੀਲ ਤਕ ਹਵਾਈ ਜਹਾਜ਼ ’ਤੇ ਗਿਆ ਸੀ ਅਤੇ 24 ਜਨਵਰੀ ਨੂੰ ਹੀ ਅਮਰੀਕਾ ਦੀ ਸਰਹੱਦ ਟੱਪੀ ਸੀ ਪਰ ਸਰਹੱਦ ’ਤੇ ਗਸ਼ਤੀ ਟੁਕੜੀ ਨੇ ਗ੍ਰਿਫ਼ਤਾਰ ਕਰ ਲਿਆ।’’

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਭਾਰਤ ਜਾਣ ਵਾਲੇ ਅਮਰੀਕੀ ਹਵਾਈ ਫ਼ੌਜ ਦੇ ਜਹਾਜ਼ ’ਚ ਬਿਠਾਇਆ ਗਿਆ ਉਦੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੱਥਾਂ ’ਚ ਹਥਕੜੀਆਂ ਬੰਨ੍ਹ ਕੇ ਅਤੇ ਪੈਰਾਂ ’ਚ ਬੇੜੀਆਂ ਪਾ ਕੇ ਜਹਾਜ਼ ’ਚ ਬਿਠਾਇਆ ਗਿਆ ਸੀ ਅਤੇ ਭਾਰਤ ’ਚ ਆ ਕੇ ਹੀ ਹੱਥ-ਪੈਰ ਖੋਲ੍ਹੇ ਗਏ। ਵਾਪਸ ਪਰਤਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਇਹ ਤਾਂ ਤੁਸੀਂ ਖ਼ੁਦ ਹੀ ਸੋਚ ਸਕਦੇ ਹੋ ਕਿ ਬੰਦਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਸਕਦਾ ਹੈ। ਬੰਦਾ ਟੁੱਟ ਜਾਂਦਾ ਹੈ ਇਕ ਵਾਰੀ ਤਾਂ। ਪੈਸਾ ਬਹੁਤ ਲੱਗਾ ਸੀ।’’ ਉਨ੍ਹਾਂ ਕਿਹਾ ਕਿ ਪੈਸੇ ਦਾ ਪ੍ਰਬੰਧ ਵੀ ਉਨ੍ਹਾਂ ਨੇ ਲੋਕਾਂ ਤੋਂ ਉਧਾਰ ਲੈ ਕੇ ਕੀਤਾ ਸੀ। ਉਨ੍ਹਾਂ ਨੇ ਅਪਣੇ ਇਸ ਤਰ੍ਹਾਂ ਵਾਪਸ ਪਰਤਣ ਦਾ ਦੋਸ਼ ਏਜੰਟ ਨੂੰ ਦਿਤਾ।

ਉਨ੍ਹਾਂ ਦੇ ਚਚੇਰੇ ਭਰਾ ਜਸਵੀਰ ਸਿੰਘ ਨੇ ਕਿਹਾ, ‘‘ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੇਰਾ ਭਰਾ ਸਹੀ-ਸਲਾਮਤ ਵਾਪਸ ਆ ਗਿਆ ਹੈ। ਏਜੰਟਾਂ ਅਤੇ ਸਰਕਾਰਾਂ ਨੇ ਬਹੁਤ ਨੁਕਸਾਨ ਕੀਤਾ ਹੈ। ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਕਿ ਜੋ ਅਸੀਂ ਉਧਾਰ ਚੁਕ ਕੇ ਅਪਣੇ ਭਰਾ ਨੂੰ ਪੈਸੇ ਦਿਤੇ ਸਨ, ਉਸ ਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਏਜੰਟ ’ਤੇ ਅਸੀਂ ਕਾਨੂੰਨ ਕਾਰਵਾਈ ਕਰਾਂਗੇ।’’ ਉਨ੍ਹਾਂ ਦੀ ਮਾਂ ਨੇ ਵੀ ਰੱਬ ਦਾ ਸ਼ੁਕਰ ਮਨਾਇਆ ਕਿ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਵਾਪਸ ਆ ਗਿਆ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ। ਜਿਨ੍ਹਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਸੀ-17 ਜਹਾਜ਼ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਸ ਜਹਾਜ਼ ਨੂੰ ਯਾਤਰੀ ਟਰਮੀਨਲ ਦੀ ਬਜਾਏ ਏਅਰਫੋਰਸ ਏਅਰਬੇਸ ‘ਤੇ ਉਤਾਰਿਆ ਗਿਆ ਸੀ।