International Punjab

ਕੈਨੇਡਾ ‘ਚ ਫਰੀਦਕੋਟ ਦੇ ਨੌਜਵਾਨ ਨਾਲ ਵਾਪਰਿਆ ਇਹ ਭਾਣਾ , ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਕੈਨੇਡਾ : ਪੰਜਾਬ ਦੇ ਨੌਜਵਾਨ ਭਾਰਤ ਤੋਂ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੇ ਲਈ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਵੀ ਬਦਲ ਸਕਣ ,ਪਰ ਅਜਿਹੇ ਨੌਜਵਾਨ ਇਸ ਗੱਲ ਤੋਂ ਬੇਹੱਦ ਅਣਜਾਣ ਹਨ ਕਿ ਉਹ ਮੁੜ ਕੇ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣਗੇ ਜਾਂ ਨਹੀਂ। ਵੱਡੀ ਗਿਣਤੀ ਦੇ ਵਿੱਚ ਪੰਜਾਬੀ ਅਜਿਹੇ ਹਨ ਬਾਅਦ ਵਿੱਚ ਜਿਨ੍ਹਾਂ ਦੀਆਂ ਲਾਸ਼ਾਂ ਹੀ ਵਾਪਸ ਘਰ ਮੁੜਦੀਆਂ ਹਨ। ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਪਛਾਣ 30 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ 13 ਦਸੰਬਰ ਨੂੰ ਮਨਪ੍ਰੀਤ ਨੂੰ ਮਿਸੀਸਾਗਾ ਵਿੱਚ ਕੋਰਟਨੀਪਾਰਕ ਡਰਾਈਵ ਅਤੇ ਐਡਵਰਡਸ ਬੁਲੇਵਾਰਡ ਵਿਖੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਿ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਆਇਆ ਸੀ। ਮਨਪ੍ਰੀਤ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਨੂੰ ਛੱਡ ਗਿਆ ਹੈ।

ਕੁਝ ਦਿਨ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਗਈ ਪੰਜਾਬੀ ਕੁੜੀ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਹਿਚਾਣ 29 ਸਾਲਾਂ ਗਗਨਦੀਪ ਕੌਰ ਦੇ ਤੌਰ ‘ਤੇ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ  ਮ੍ਰਿਤਕ ਗਗਨਦੀਪ ਕੌਰ 5 ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ। ਸੜਕ ਪਾਰ ਕਰਦੇ ਸਮੇਂ ਗਗਨ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮਾਂਟਰੀਅਲ ਵਿੱਚ ਇਕੱਲੀ ਰਹਿੰਦੀ ਸੀ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਹੈ, ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ।

ਦੂਜੇ ਪਾਸੇ ਆਸਟਰੇਲੀਆ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਗਈ ਸੀ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਤਤਾਰੀਏਵਾਲਾ ਦੇ ਨੌਜਵਾਨ ਸੁਖਦੀਪ ਸਿੰਘ ਦੀ ਆਸਟਰੇਲੀਆ ਵਿੱਚ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਸੁਖਦੀਪ ਨੇ ਫ਼ਰਵਰੀ ਮਹੀਨੇ ਵਿੱਚ ਆਪਣੇ ਪਿੰਡ ਆਉਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਖਦੀਪ 14 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਆਸਟਰੇਲੀਆ ਗਿਆ ਸੀ। ਉਸ ਤੋਂ ਬਾਅਦ ਉਹ ਉੱਥੇ ਕੰਮ ਕਰਨ ਲੱਗ ਗਿਆ।