ਲੁਧਿਆਣਾ ‘ਚ ਬੀਤੀ ਰਾਤ 21 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਚੁੰਨੀ ਦੇ ਸਹਾਰੇ ਨੌਜਵਾਨ ਨੇ ਸਟੂਲ ‘ਤੇ ਚੜ੍ਹ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਵੱਡੀ ਭੈਣ ਨੇ ਆਪਣੇ ਭਰਾ ਨੂੰ ਫਾਹੇ ਨਾਲ ਲਟਕਦੇ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ। ਲੋਕਾਂ ਦੀ ਮਦਦ ਨਾਲ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮਨੀ ਵਜੋਂ ਹੋਈ ਹੈ। ਮਨੀ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਸਨ। ਉਹ ਸਭ ਤੋਂ ਛੋਟਾ ਸੀ। ਮਨੀ ਆਪਣੀ ਪਤਨੀ ਤੋਂ ਪਰੇਸ਼ਾਨ ਸੀ। ਉਸ ਦੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਨੌਜਵਾਨ ਨਾਲ ਫਰਾਰ ਹੋ ਗਈ ਸੀ। ਮਰਨ ਤੋਂ ਪਹਿਲਾਂ ਮਨੀ ਨੇ ਆਪਣੀ ਵੱਡੀ ਭੈਣ ਨੂੰ ਫ਼ੋਨ ਕਰਕੇ ਕਿਹਾ ਕਿ ਉਸ ਨੇ ਵਿਆਹ ਕਰਵਾ ਕੇ ਗ਼ਲਤੀ ਕੀਤੀ ਹੈ।
1 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ।
ਮ੍ਰਿਤਕ ਮਨੀ ਦੀ ਭੈਣ ਦੀ ਦੇਵਰਾਨੀ ਬਰਖਾ ਨੇ ਦੱਸਿਆ ਕਿ ਮਨੀ ਦਾ ਪ੍ਰੇਮ ਵਿਆਹ ਹੋਇਆ ਸੀ। ਉਹ ਸ਼ੇਰਪੁਰ ਰਹਿੰਦਾ ਸੀ। ਕਰੀਬ ਇੱਕ ਸਾਲ ਪਹਿਲਾਂ ਉਸ ਨੇ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਮੁਸਲਿਮ ਭਾਈਚਾਰੇ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਆਪਣਾ ਲਿਆ। ਦੋਵੇਂ 1 ਸਾਲ ਤੋਂ ਠੀਕ-ਠਾਕ ਰਹਿ ਰਹੇ ਸਨ।
ਅਚਾਨਕ ਕੁਝ ਮਹੀਨੇ ਪਹਿਲਾਂ ਮਨੀ ਦੀ ਪਤਨੀ ਇੱਕ ਹੋਰ ਨੌਜਵਾਨ ਦੇ ਸੰਪਰਕ ਵਿੱਚ ਆ ਗਈ। ਜਦੋਂ ਮਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿਚਾਲੇ ਕਾਫੀ ਝਗੜਾ ਹੋ ਗਿਆ। ਸ਼ੁੱਕਰਵਾਰ ਦੀ ਰਾਤ ਨੂੰ ਵੀ ਮਨੀ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਉਹ ਉਸ ਨੂੰ ਕੁਝ ਨਹੀਂ ਕਹੇਗਾ ਪਰ ਤੂੰ ਦੁਬਾਰਾ ਗਲਤੀ ਨਾ ਕਰੀ ਪਰ ਦਿਨ ਵੇਲੇ ਉਸ ਨੂੰ ਫਿਰ ਆਪਣੀ ਪਤਨੀ ਦਾ ਫੋਨ ਆਇਆ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਕਿਸੇ ਨੌਜਵਾਨ ਨਾਲ ਫਰਾਰ ਹੋ ਗਈ ਹੈ।
ਬਰਖਾ ਨੇ ਦੱਸਿਆ ਕਿ ਮਨੀ ਨੇ ਖੁਦ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਪ੍ਰੇਮਿਕਾ ਨਾਲ ਵਿਆਹ ਕਰਵਾ ਕੇ ਗਲਤੀ ਕੀਤੀ ਹੈ। ਮਨੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਫਿਲਹਾਲ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਦੂਜੇ ਪਾਸੇ ਥਾਣਾ ਮੋਤੀ ਨਗਰ ਦੀ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।