‘ਦ ਖ਼ਾਲਸ ਬਿਊਰੋ : ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿੱਚ ਇੱਕ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿੱਚ ਇੱਧਰ ਉੱਧਰ ਘੁੰਮਦੀ ਦਿਖਾਈ ਦਿੱਤੀ। ਜਦੋਂ ਉਸਨੂੰ ਕੁੱਝ ਔਰਤਾਂ ਨੇ ਬੈਂਚ ਉੱਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੈਠਣ ਦੀ ਸਥਿਤੀ ਵਿੱਚ ਨਹੀਂ ਸੀ। ਇਸ ਲਈ ਉਹ ਖੁਦ ਹੀ ਬੈਂਚ ਉੱਤੇ ਲੇਟ ਗਈ। ਨੌਜਵਾਨ ਲੜਕੀ ਨੇ ਦੱਸਿਆ ਕਿ ਚਿੱਟੇ ਦੀ ਆਦਤ ਤਿੰਮ ਸਾਲ ਪਹਿਲਾਂ ਸਹੇਲੀਆਂ ਅਤੇ ਕੁਝ ਦੋਸਤਾਂ ਤੋਂ ਲੱਗੀ ਸੀ। ਨੌਜਵਾਨ ਲੜਕੀ ਦਾ ਪਤੀ ਵੀ ਨਸ਼ੇ ਦੀ ਤਸਕਰੀ ਕਰਦਾ ਸੀ, ਜੋ ਹੁਣ ਜੇਲ੍ਹ ਵਿੱਚ ਬੰਦ ਹੈ।
ਰਾਹਗੀਰਾਂ ਤੋਂ ਨਸ਼ੇ ਲਈ ਮੰਗਦੀ ਸੀ ਪੈਸੇ
ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਅਤੇ ਮੁਹੱਲਾ ਮੁਹੱਬਤਗੜ੍ਹ ਵਿੱਚ ਚੌਂਕ ਵਿੱਚ ਖੜੇ ਨਸ਼ੇ ਦੇ ਵਪਾਰੀਆਂ ਤੋਂ ਚਿੱਟਾ ਖਰੀਦਦੀ ਹੈ। ਜਦੋਂ ਲੋਕਾਂ ਨੇ ਉਸਦੇ ਘਰ ਦਾ ਪਤਾ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਪਤੀ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।
ਲੜਕੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖਲ
ਨੌਜਵਾਨ ਲੜਕੀ ਦੀ ਨਸ਼ੇ ਕਾਰਨ ਵਿਗੜਦੀ ਹਾਲਤ ਨੂੰ ਦੇਖਦਿਆਂ ਮੌਕੇ ਉੱਤੇ ਮੌਜੂਦ ਲੋਕਾਂ ਨੇ ਨੌਜਵਾਨ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਰਕੁਲਰ ਰੋਡ ਉੱਤੇ ਪਿਛਲੇ ਮਹੀਨੇ ਵੀ ਇੱਕ ਬੈਂਚ ਉੱਤੇ ਨਸ਼ੇ ਦੀ ਹਾਲਤ ਵਿੱਚ ਲੜਕੀ ਮਿਲੀ ਸੀ। ਉਸਨੂੰ ਵੀ ਸਖੀ ਸੈਂਟਰ ਦੀ ਟੀਮ ਨੇ ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ ਸੀ।
ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਪਿਛਲੇ ਦਿਨੀਂ ਇੱਕ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਇੱਕ ਔਰਤ ਦੀ ਵੀਡੀਓ ਵਾਇਰਲ ਹੋਈ ਸੀ। ਔਰਤ ਇੰਨੀ ਨਸ਼ੇ ਵਿਚ ਸੀ ਕਿ ਉਸ ਕੋਲੋਂ ਕਦਮ ਵੀ ਨਹੀਂ ਪੁੱਟਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਕਥਿਤ ਤੌਰ ‘ਤੇ ਨਸ਼ੇ ਵਿੱਚ ਲਤ ਔਰਤ ਦੀ ਵਾਇਰਲ ਹੋਈ ਇਹ ਵੀਡੀਓ ਸ਼ਹਿਰ ਦੇ ਪੂਰਬੀ ਵਿਧਾਨ ਸਭਾ ਖੇਤਰ ਮਕਬੂਲਪੁਰਾ ਦੀ ਹੈ ਅਤੇ ਇਸ ਨੂੰ ਇੱਕ ਕਿਸਾਨ ਆਗੂ ਨੇ ਰਿਕਾਰਡ ਕੀਤਾ ਹੈ। ਇਹ ਸ਼ਹਿਰ ਦਾ ਉਹੀ ਇਲਾਕਾ ਹੈ, ਜਿੱਥੇ ਕੁਝ ਸਾਲ ਪਹਿਲਾਂ ਕਈ ਘਰਾਂ ਦੇ ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਸਨ। ਇਸ ਇਲਾਕੇ ਦੀਆਂ ਕਈ ਮਾਵਾਂ ਨੂੰ ਨਸ਼ਿਆਂ ਕਾਰਨ ਆਪਣੇ ਪੁੱਤਰ ਗਵਾਉਣੇ ਪਏ ਅਤੇ ਕਈ ਔਰਤਾਂ ਜਵਾਨੀ ਵਿੱਚ ਹੀ ਵਿਧਵਾ ਹੋ ਗਈਆਂ। ਅੱਜ ਵੀ ਇਸ ਇਲਾਕੇ ਦੀ ਹਾਲਤ ਬਹੁਤੀ ਸੁਧਰੀ ਨਹੀਂ ਹੈ ਅਤੇ ਕਈ ਘਰਾਂ ਦੇ ਨੌਜਵਾਨ ਅੱਜ ਵੀ ਨਸ਼ਿਆਂ ਦੀ ਮਾਰ ਹੇਠ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨੌਜਵਾਨ ਨਸ਼ਾ ਵੇਚਦੇ ਹਨ ਅਤੇ ਅਜਿਹਾ ਕਰਦੇ ਹਨ ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪੁਲਿਸ ਇਸ ‘ਤੇ ਕਾਰਵਾਈ ਕਰ ਰਹੀ ਹੈ।