International

ਜਪਾਨ ‘ਚ ਦੂਜੀ ਵਿਸ਼ਵ ਜੰਗ ਸਮੇਂ ਦਾ ਅਮਰੀਕੀ ਬੰਬ ਹਵਾਈ ਅੱਡੇ ’ਤੇ ਫਟਿਆ,

ਜਪਾਨ  ( Japan) ਦੇ ਇਕ ਹਵਾਈ ਅੱਡੇ ਵਿੱਚ ਦੱਬਿਆ ਹੋਇਆ ਦੂਜੀ ਵਿਸ਼ਵ ਜੰਗ ਦੇ ਸਮੇਂ ਦਾ ਇਕ ਅਮਰੀਕੀ ਬੰਬ ( World War II-era American bomb exploded ) ਅੱਜ ਅਚਾਨਕ ਫਟ ਗਿਆ। ਇਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਆ ਬਣ ਗਿਆ ਅਤੇ 80 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਹਾਲਾਂਕਿ, ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਜਾਪਾਨ ਦੇ ਭੂਮੀ ਅਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਕੋਈ ਵੀ ਜਹਾਜ਼ ਨੇੜੇ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਸਵੈ-ਰੱਖਿਆ ਬਲਾਂ ਅਤੇ ਪੁਲਿਸ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਧਮਾਕਾ 500 ਪੌਂਡ ਵਜ਼ਨ ਦੇ ਇੱਕ ਅਮਰੀਕੀ ਬੰਬ ਕਾਰਨ ਹੋਇਆ ਸੀ ਅਤੇ ਕੋਈ ਤੁਰੰਤ ਖ਼ਤਰਾ ਨਹੀਂ ਸੀ।

ਧਮਾਕਾ ਕਿਵੇਂ ਹੋਇਆ ਇਸ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੌਰਾਨ ਉੱਥੇ ਕੋਈ ਮੌਜੂਦ ਨਹੀਂ ਸੀ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਮਰੀਕੀ ਬੰਬ ਜ਼ਮੀਨ ਦੇ ਹੇਠਾਂ ਦੱਬਿਆ ਹੋਇਆ ਸੀ।

ਨੇੜਲੇ ਇਕ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਧਮਾਕੇ ਕਾਰਨ ਅਸਫਾਲਟ ਦੇ ਟੁੱਕੜੇ ਹਵਾ ਵਿੱਚ ਫੁਹਾਰੇ ਵਾਂਗ ਉਛਲਦੇ ਹੋਏ ਦਿਖੇ। ਜਪਾਨੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਵੀਡੀਓ ਵਿੱਚ ਟੈਕਸੀਵੇਅ ’ਚ ਇਕ ਡੂੰਘਾ ਟੋਆ ਦੇਖਿਆ ਗਿਆ।

ਮੁੱਖ ਕੈਬਨਿਟ ਸਕੱਤਰ ਯੋਸ਼ਿਮਾਸਾ ਹਿਆਸ਼ੀ ਨੇ ਕਿਹਾ ਕਿ ਹਵਾਹੀ ਅੱਡੇ ’ਤੇ 80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਆਸ ਹੈ ਕਿ ਵੀਰਵਾਰ ਸਵੇਰ ਤੱਕ ਉਡਾਣਾਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕੀ ਫੌਜ ਵੱਲੋਂ ਡੇਗੇ ਗਏ ਕਈ ਬੰਬ ਬਰਾਮਦ ਹੋਏ ਹਨ ਜੋ ਕਿ ਫਟੇ ਨਹੀਂ ਹਨ। –