Punjab

ਕਤਲ ਕੇਸ ’ਚ ਰਿਮਾਂਡ ’ਤੇ ਲਿਆਂਦੀ ਔਰਤ ਪੁਲਿਸ ਨੂੰ ਚਕਮਾ ਦੇ ਹੋਈ ਫਰਾਰ , ਥਾਣੇਦਾਰ ਸਮੇਤ 5 ਖ਼ਿਲਾਫ਼ ਮਾਮਲਾ ਦਰਜ

A woman remanded in a murder case escaped after evading the police,

ਜਿਲਾਂ ਮਾਨਸਾ ਦੇ ਬੋਹਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਦੀ ਇੱਕ ਹੋਰ ਅਣਗਹਿਲੀ ਉਸ ਸਮੇਂ ਸਾਹਮਣੇ ਆਈ, ਜਦ ਕਤਲ ਮਾਮਲੇ ’ਚ ਗ੍ਰਿਫ਼ਤਾਰ ਔਰਤ ਬੋਹਾ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ।

ਜਾਣਕਾਰੀ ਅਨੁਸਾਰ ਬੋਹਾ ਥਾਣੇ ਦੀ ਹਵਾਲਾਤ ਵਿੱਚ ਬੰਦ ਕਤਲ ਕੇਸ ’ਚ ਕਥਿਤ ਦੋਸ਼ੀ ਔਰਤ ਬੀਤੀ ਰਾਤ ਪੁਲਿਸ ਨੂੰ ਚਕਮਾ ਦੇ ਫ਼ਰਾਰ ਹੋ ਗਈ। ਜਾਣਕਾਰੀ ਕਥਿਤ ਦੋਸ਼ੀ ਮਨਜੀਤ ਕੌਰ ਵਾਸੀ ਬਾਦਲਗੜ੍ਹ ਨੂੰ ਬੋਹਾ ਪੁਲਿਸ ਨੇ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ ਬੋਹਾ ਥਾਣਾ ਅੰਦਰ ਲਿਆਂਦਾ ਸੀ ਜੋ ਰਿਮਾਂਡ ਦੀ ਪਹਿਲੀ ਹੀ ਰਾਤ ਪੁਲਿਸ ਨੂੰ ਚਕਮਾ ਦੇ ਕੇ ਹਵਾਲਾਤ ਵਿੱਚੋਂ ਫ਼ਰਾਰ ਹੋ ਗਈ।

ਜਿਉਂ ਹੀ ਉਸਦੇ ਭੱਜਣ ਦਾ ਪਤਾ ਲੱਗਾ ਤਾਂ ਸਾਰੇ ਪੁਲਿਸ ਕਰਮਚਾਰੀਆਂ ਵਿੱਚ ਹਫੜਾ ਦਫੜੀ ਮੱਚ ਗਈ ਤੇ ਉਸੇ ਵੇਲੇ ਹੀ ਪੁਲਿਸ ਪਾਰਟੀਆਂ ਉਸਦੀ ਭਾਲ ਲਈ ਰਵਾਨਾ ਕਰ ਦਿੱਤੀਆਂ ਗਈਆਂ। ਪੁਲਿਸ ਵੱਲੋਂ ਥਾਣੇ ਨੇੜਲੇ ਤੇ ਆਸ ਪਾਸ ਦੇ ਰਾਹਾਂ ’ਤੇ ਲੱਗੇ ਕੈਮਰੇ ਵੀ ਖੰਗਾਲੇ ਗਏ, ਪਰ ਖਬਰ ਲਿਖੇ ਜਾਣ ਤੱਕ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੇੜਲੇ ਪਿੰਡ ਰਿਉਂਦ ਕਲਾਂ ਦੀ ਵਸਨੀਕ ਔਰਤ ਗਗਨਪ੍ਰੀਤ ਕੌਰ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਫਰਾਰ ਔਰਤ ’ਤੇ ਇਸ ਦੋਸ਼ ਅਧੀਨ ਪਰਚਾ ਦਰਜ ਹੋਇਆ ਸੀ ਕਿ ਉਸਨੇ ਆਪਣੇ ਕਥਿਤ ਪ੍ਰੇਮੀ ਕ੍ਰਿਸ਼ਨ ਸਿੰਘ ਵਾਸੀ ਰਿਉਂਦ ਕਲਾਂ ਨਾਲ ਮਿਲ ਕੇ ਗਗਨਦੀਪ ਕੌਰ ਦੇ ਕਤਲ ਵਿੱਚ ਭੂਮਿਕਾ ਨਿਭਾਈ ਹੈ। ਬੋਹਾ ਪੁਲੀਸ ਨੇ ਉਸ ਤੇ ਉਸਦੇ ਪ੍ਰੇਮੀ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਲਿਆ ਸੀ ਤਾਂ ਮਨਜੀਤ ਕੌਰ ਰਾਤ ਸਮੇਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ।

ਭਗੌੜਾ ਔਰਤ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਥਾਣਾ ਮੁਖੀ

ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਡਿਊਟੀ ਅਫ਼ਸਰ ਸਹਾਇਕ ਥਾਣੇਦਾਰ ਬਲਕਰਨ ਸਿੰਘ, ਮਹਿਲਾ ਕਾਂਸਟੇਬਲ ਵੀਰਪਾਲ ਕੌਰ, ਸਹਾਇਕ ਮੁਨਸ਼ੀ ਅਮਨਦੀਪ ਸਿੰਘ ਤੇ ਸੰਤਰੀ ਬਿਕਰਮਜੀਤ ਸਿੰਘ ਖਿਲਾਫ਼ ਧਾਰਾ 223 ਤੇ 224 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਭਗੌੜਾ ਔਰਤ ਦੀ ਭਾਲ ਕਰ ਰਹੀ ਹੈ ਤੇ ਉਸਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।