ਫਿਰੋਜ਼ਪੁਰ : ਜ਼ੀਰਾ ਮੋਰਚਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਦੇ ਆਧਾਰ ‘ਤੇ ਮੋਰਚੇ ਵਾਲੀ ਥਾਂ ‘ਤੇ ਭਾਰੀ ਇੱਕਠ ਹੋਇਆ ਤੇ ਕਈ ਕਿਸਾਨ-ਮਜ਼ਦੂਰ ਤੇ ਹੋਰ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਅੱਜ ਦੀ ਸਟੇਜ ਤੋਂ ਸੰਬੋਧਨ ਕਰਦੇ ਹੋਏ ਸਰਪੰਚ ਗੁਰਮੇਲ ਸਿੰਘ ਨੇ ਹੇਠ ਲਿਖੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ ।
• ਮਾਲਬਰੋਜ਼ ਫੈਕਟਰੀ ਦੀ ਐਨਓਸੀ ਰੱਦ ਕੀਤੀ ਜਾਵੇ
• ਮੋਰਚੇ ਦੇ ਲੋਕਾਂ ‘ਤੇ ਕੀਤੇ ਗਏ ਕੇਸ ਵਾਪਸ ਲਏ ਜਾਣ
• ਅਕਾਲ ਚੈਨਲ ‘ਤੇ ਲਾਈ ਗਈ ਪਾਬੰਦੀ ਹਟਾਈ ਜਾਵੇ
• ਪਿੰਡਾਂ ਦੀ ਜ਼ਮੀਨਾਂ ਦੇ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਐਫੀਡੇਵੀਟ ਸਰਕਾਰ ਵਾਪਸ ਲਵੇ
• ਮਾਰੇ ਗਏ ਨੌਜਵਾਨ ਰਾਜਵੀਰ ਸਿੰਘ ਦੀ ਮੌਤ ਲਈ ਜਿੰਮੇਵਾਰ ਦੀਪ ਮਲਹੋਤਰਾ ‘ਤੇ ਧਾਰਾ 302 ਲਾਈ ਜਾਵੇ
• ਮੌਤ ਦਾ ਸ਼ਿਕਾਰ ਹੋਏ ਰਾਜਵੀਰ ਸਿੰਘ ਦਾ ਕਰਜ਼ਾ ਮਾਫ ਕੀਤਾ ਜਾਵੇ
• ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ
• ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ
ਇਹਨਾਂ ਮੰਗਾਂ ਲਈ ਸਰਕਾਰ ਨੂੰ 15 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਐਲਾਨ ਕੀਤਾ ਗਿਆ ਹੈ ਕਿ ਉਸ ਤੋਂ ਬਾਅਦ ਵੱਡਾ ਐਕਸ਼ਨ ਲਿਆ ਜਾਵੇਗਾ। ਮੋਰਚਾ ਕਮੇਟੀ ਦੇ ਮੈਂਬਰ ਸਰਪੰਚ ਗੁਰਮੇਲ ਸਿੰਘ ਨੇ ਵਿਧਾਨ ਸਭਾ ਵਿੱਚ ਬਣੀ ਕਮੇਟੀ ਦਾ ਵੀ ਜ਼ਿਕਰ ਕੀਤਾ, ਜਿਸ ਨੇ ਇਹ ਕਿਹਾ ਸੀ ਕਿ ਪੰਜਾਬ ਵਿੱਚ ਕਈ ਫੈਕਟਰੀਆਂ ਪ੍ਰਦੂਸ਼ਣ ਫੈਲਾ ਰਹੀਆਂ ਹਨ ਤੇ ਮਾਲਬਰੋਜ਼ ਫੈਕਟਰੀ ਵੀ ਉਹਨਾਂ ਵਿੱਚੋਂ ਇੱਕ ਹੈ ਤੇ ਇਹ ਬੰਦ ਹੋਣੀ ਚਾਹੀਦੀ ਹੈ ਪਰ ਸਰਕਾਰ ‘ਤੇ ਵੱਡੇ ਘਰਾਣਿਆਂ ਨੇ ਦਬਾਅ ਪਾ ਕੇ ਫੈਸਲਾ ਪਲਟਾ ਦਿੱਤਾ।
ਅਮੀਤੋਜ ਮਾਨ
ਇਸ ਮੌਕੇ ਮੋਰਚੇ ‘ਚ ਪਹੁੰਚੇ ਪੰਜਾਬੀ ਫਿਲਮ ਅਦਾਕਾਰ ਤੇ ਡਾਇਰੈਕਟਰ ਅਮੀਤੋਜ ਮਾਨ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਪੰਜਾਬ ਵਿੱਚ ਲੱਗੇ ਮੋਰਚਿਆਂ ਦੇ ਦੌਰਾਨ ਲੀਡਰਾਂ ਵੱਲੋਂ ਆਪਣੀ ਭਰੋਸੇਯੋਗਤਾ ਗਵਾਏ ਜਾਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਹੈ ਕਿ ਇਸ ਕਾਰਨ ਸੂਬੇ ਦੇ ਨੌਜਵਾਨਾਂ ਵਿੱਚ ਨਿਰਾਸ਼ਾ ਫੈਲ ਰਹੀ ਹੈ ਤੇ ਉਹ ਵਿਦੇਸ਼ਾਂ ਦੇ ਰੁੱਖ ਕਰ ਰਹੇ ਹਨ। ਅਮਰੀਕਾ ਵਰਗੇ ਮੁਲਕ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਥੇ ਸਹੀ ਸਰਕਾਰਾਂ ਉਦੋਂ ਹੋਂਦ ਵਿੱਚ ਆਈਆਂ,ਜਦੋਂ ਲੋਕਾਂ ਨੇ ਬਦਲਾਅ ਲਿਆਉਣਾ ਨਿਰੰਤਰ ਜਾਰੀ ਰੱਖਿਆ। ਨੌਜਵਾਨਾਂ ਨੂੰ ਨਿਰਾਸ਼ ਨਾ ਹੋਣ ਲਈ ਕਹਿੰਦੇ ਹੋਏ ਤੇ ਅਸਿੱਧੇ ਤੋਰ ‘ਤੇ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਹੋਏ ਮਾਨ ਨੇ ਕਿਹਾ ਕਿ ਜੇਕਰ ਚੁਣੀ ਹੋਈ ਸਰਕਾਰ ਕੰਮ ਨਹੀਂ ਕਰ ਦੀ ਤਾਂ ਇਹ ਵੀ ਉਥੇ ਹੀ ਜਾਣਗੇ,ਜਿਥੇ ਬਾਕੀ ਗਏ ਹਨ।ਨਿਰੰਤਰ ਬਦਲਾਅ ਵੱਲ ਵੱਧਣਾ ਪਏਗਾ ਤਾਂ ਹੀ ਸਾਨੂੰ ਸਹੀ ਸਰਕਾਰ ਮਿਲੇਗੀ।
ਸਰਕਾਰ ਜੇਕਰ ਆਮ ਜਨਤਾ ਦੀ ਸਹੀ ਪ੍ਰਤੀਨਿਧੀ ਹੁੰਦੀ ਤਾਂ ਇਹ ਕਮੇਟੀਆਂ ਪਹਿਲਾਂ ਹੀ ਬਣ ਜਾਣੀਆਂ ਸੀ,ਹੁਣ ਨਹੀਂ ।ਜਦੋਂ ਸਾਰਾ ਪੰਜਾਬ ਇੱਥੇ ਇਕੱਠਾ ਹੋ ਗਿਆ ਹੈ।ਉਹਨਾਂ ਕਿਹਾ ਕਿ ਕਿ ਇਸ ਧਰਤੀ ਦਾ ਕੋਈ ਬਦਲ ਨਹੀਂ ਤੇ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ,ਇਸ ਨੂੰ ਅਸੀਂ ਇਹਨਾਂ ਲਈ ਨਹੀਂ ਛੱਡ ਸਕਦੇ। ਇੱਥੇ ਡੱਟਣਾ ਹੀ ਪੈਣਾ ਤਾਂ ਹੀ ਇਹ ਸਭ ਬਦਲੇਗਾ।
ਮਾਨ ਸਰਕਾਰ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਇਹਨਾਂ ਤੋਂ ਪੂਰੀ ਉਮੀਦ ਸੀ ਕਿ ਪੰਜਾਬੀ ਹੋਣ ਦੇ ਨਾਤੇ ਇਹ ਲੋਕਾਂ ਦਾ ਦਰਦ ਸਮਝਣਗੇ ਤੇ ਬਦਲਾਅ ਆਵੇਗਾ ਪਰ ਹੁਣ ਹਾਲਾਤ ਹੋਰ ਹਨ । ਸਰਕਾਰ ਦਿੱਲੀ ਦੇ ਦਬਾਅ ਹੇਠ ਹੈ ਕਿਉਂਕਿ ਦਿੱਲੀ ਸਰਕਾਰ ਨਾਲ ਇਸ ਫੈਕਟਰੀ ਮਾਲਕ ਦੇ ਸਬੰਧ ਹਨ। ਸ਼ਰਮ ਦੀ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀ ਵੀ ਚੁੱਪ ਹੈ। ਦੀਪ ਮਲਹੋਤਰਾ ਨੇ ਸਾਰਿਆਂ ਸਿਆਸੀ ਧਿਰਾਂ ਨੂੰ ਕਾਬੂ ਕੀਤਾ ਹੋਇਆ ਹੈ। ਇਸ ਲਈ ਇਹਨਾਂ ਲੀਡਰਾਂ ਨੇ ਕੁੱਝ ਨਹੀਂ ਕਰਨਾ । ਇਸ ਲਈ ਲੋਕਾਂ ਨੂੰ ਹੀ ਕਰਨਾ ਪੈਣਾ ਹੈ ਤੇ ਇਹ ਸੰਘਰਸ਼ ਵੀ ਲੋਕ ਜਰੂਰ ਜਿੱਤਣਗੇ।
ਲੱਖਾ ਸਿਧਾਣਾ
ਇਸ ਤੋਂ ਬਾਅਦ ਨੌਜਵਾਨ ਆਗੂ ਲੱਖਾ ਸਿੱਧਾਣਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਮਰਨ ਵਾਲਾ ਨੌਜਵਾਨ ਰਾਜਵੀਰ ਸਿੰਘ ਖੁੱਦ ਇਹ ਗਵਾਹੀ ਦੇ ਕੇ ਗਿਆ ਸੀ ਕਿ ਉਸ ਦੀ ਮੌਤ ਦਾ ਕਾਰਨ ਇਹ ਫੈਕਟਰੀ ਹੈ। ਲੱਖੇ ਨੇ ਇਹ ਵੀ ਕਿਹਾ ਹੈ ਕਿ ਇਹ ਸਾਰੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪਰ ਇਸ ਲਈ ਲੜਾਈ ਲੜਨ ਵਿੱਚ ਬਹੁਤ ਦੇਰ ਹੋ ਗਈ ਹੈ। ਮੁੱਖ ਮੰਤਰੀ ਮਾਨ ‘ਤੇ ਵਰਦਿਆਂ ਉਹਨਾਂ ਕਿਹਾ ਕਿ SYL ਮੁੱਦੇ ‘ਤੇ ਮੁੱਖ ਮੰਤਰੀ ਦੇ ਬਿਆਨ ਨੂੰ ਗੁੰਮਰਾਹ ਕਰਨ ਵਾਲਾ ਹੈ ਤੇ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਦੇ ਤਹਿਤ ਜਿਹੜੇ ਸੂਬੇ ਵਿੱਚ ਦਰਿਆ ਦੇ ਪਾਣੀ ਨਾਲ ਹੱੜ੍ਹਾਂ ਵੇਲੇ ਨੁਕਸਾਨ ਹੁੰਦਾ ਹੈ,ਉਸ ਦਾ ਹੀ ਪਾਣੀ ‘ਤੇ ਹੱਕ ਹੁੰਦਾ ਹੈ ।
ਇਸ ਹਿਸਾਬ ਦੇ ਨਾਲ ਪੰਜਾਬ ਵਿੱਚ ਵੱਗਦੇ ਦਰਿਆਵਾਂ ਨਾਲ ਹਰਿਆਣਾ,ਰਾਜਸਥਾਨ ਦਾ ਕੋਈ ਹੱਕ ਨਹੀਂ ਹੈ। ਪੰਜਾਬ ਦੀ ਬਰਬਾਦੀ ਦੀ ਕਹਾਣੀ 1947 ਵਿੱਚ ਹੀ ਲਿਖਣੀ ਸ਼ੁਰੂ ਹੋ ਗਈ ਸੀ ਤੇ ਹੁਣ ਵੀ ਜਾਰੀ ਹੈ।ਰਾਜਸਥਾਨ ਨੂੰ 3 ਨਹਿਰਾਂ ਰਾਹੀਂ ਕਿੰਨਾ ਜਿਆਦਾ ਪਾਣੀ ਜਾ ਰਿਹਾ ਹੈ ,ਜਿਸ ਦਾ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ ਹੈ। ਹੋਰ ਵੀ ਕਈ ਧੱਕੇ ਪੰਜਾਬ ਨਾਲ ਹੋਏ ਹਨ ਪਰ ਕੋਈ ਆਵਾਜ਼ ਨੀ ਚੁੱਕੀ ਗਈ । ਕੇਂਦਰ ਨੇ ਵੀ ਮਾੜੀ ਨੀਤ ਨਾਲ ਪੰਜਾਬ ਦੇ ਕੁਦਰਤੀ ਵਸੀਲਿਆਂ ਦਾ ਕੰਟਰੋਲ ਆਪ ਲੈ ਲਿਆ ਹੈ। ਲੱਖੇ ਨੇ ਜਮੁਨਾ ਦਰਿਆ ਵਿੱਚੋਂ ਪਾਣੀ ਲੈਣ ਦੀ ਗੱਲ ਨੂੰ ਮੁੱਖ ਮੰਤਰੀ ਮਾਨ ਦੀ ਵੱਡੀ ਗਲਤੀ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਨਾਲ ਫਿਰ ਰਿਪੇਅਰੀਅਨ ਕਾਨੂੰਨ ਦੀ ਗੱਲ ਪੰਜਾਬ ਨਹੀਂ ਕਰ ਸਕੇਗਾ।
ਧਰਤੀ ਹੇਠਲੇ ਪਾਣੀ ਦੀ ਬਜਾਇ ਨਹਿਰੀ ਪਾਣੀ ਦੀ ਮੰਗ ਕਰਨ ਦੀ ਤਜ਼ਵੀਜ ਵੀ ਉਹਨਾਂ ਕੀਤੀ ਹੈ ਤੇ ਨਹਿਰਾਂ ਨੂੰ ਪੱਕਿਆਂ ਕਰਨ ਦੇ ਖਿਲਾਫ਼ ਵੀ ਸੰਘਰਸ਼ ਕਰਨ ਲਈ ਲੱਖੇ ਨੇ ਐਲਾਨ ਕੀਤਾ ਹੈ। ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਸੰਘਰਸ਼ਾਂ ਵਿੱਚ ਯੋਗਦਾਨ ਪਾਇਆ ਜਾਵੇ ਨਹੀਂ ਤਾਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ।
ਫੈਕਟਰੀ ਦੇ ਖਿਲਾਫ਼ ਲੜਨ ਵਾਲੇ ਲੋਕਾਂ ਵਿੱਚ ਸਰਕਾਰ ਵਲੋਂ ਗਲਤ ਫਹਿਮੀਆਂ ਪਾਏ ਜਾਣ ਦੀ ਗੱਲ ‘ਤੇ ਵੀ ਲੱਖੇ ਨੇ ਕਿਹਾ ਹੈ ਕਿ ਪਾਣੀ ਸਾਰਿਆਂ ਨੇ ਹੀ ਪੀਣਾ ਹੈ ਸੋ ਇਹ ਲੜਾਈ ਸਾਰਿਆਂ ਦੀ ਹੈ। ਪੱਛਮੀ ਦੇਸ਼ਾਂ ਨਾਲ ਪੰਜਾਬ ਦੀ ਤੁਲਨਾ ਕਰਦਿਆਂ ਲੱਖੇ ਨੇ ਕਿਹਾ ਹੈ ਕਿ ਇਹ ਧਰਤੀ ਇੱਕ ਅਜਿਹੀ ਧਰਤੀ ਹੈ,ਜਿਥੇ ਹਰ ਮੌਸਮ ਆਉਂਦਾ ਹੈ ਤੇ ਹਰ ਤਰਾਂ ਦੀ ਪੈਦਾਵਾਰ ਹੁੰਦੀ ਹੈ। ਇਹ ਆਉਣ ਵਾਲੇ ਭਵਿੱਖ ਦੀ ਲੜਾਈ ਹੈ ਤੇ ਸਾਰਿਆਂ ਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰ ਸਰਕਾਰ ਵੱਲੋਂ ਛੱਡੇ ਹੋਏ ਬੰਦਿਆਂ ਤੋਂ ਵੀ ਚੁਕੰਨੇ ਰਹਿਣ ਦੀ ਗੱਲ ਵੀ ਉਹਨਾਂ ਕਹੀ ਹੈ।
ਬੀਕੇਯੂ ਕਰਾਂਤੀਕਾਰੀ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਫੁਲ ਨੇ ਇਸ ਮੋਰਚੇ ਦੀ ਸ਼ੁਰੂਆਤ ਤੋਂ ਹੀ ਜਥੇਬੰਦੀ ਵਲੋਂ ਸਹਿਯੋਗ ਦਿੱਤੇ ਜਾਣ ਦੀ ਗੱਲ ਆਖੀ ਤੇ ਕਿਹਾ ਕਿ ਜ਼ੀਰਾ ਮੋਰਚਾ ਬਹੁਤ ਔਖੀਆਂ ਘੜੀਆਂ ਵਿੱਚੋਂ ਲੰਘ ਕੇ ਇੱਥੇ ਤੱਕ ਪਹੁੰਚਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਮੋਰਚੇ ‘ਤੇ ਕੀਤੇ ਜਬਰ ਵੇਲੇ ਇੱਕ ਬੀਬੀ ਸਣੇ 46 ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ ਪਰ ਇਹ ਲੋਕਾਂ ਦੇ ਇਕੱਠ ਦੀ ਹੀ ਤਾਕਤ ਸੀ ਕਿ ਸਰਕਾਰ ਨੂੰ ਉਹਨਾਂ ਨੂੰ 24 ਤਰੀਕ ਨੂੰ ਹੀ ਰਿਹਾਅ ਕਰਨਾ ਪਿਆ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਹ ਮੋਰਚਾ ਹੁਣ ਲੋਕਾਂ ਦੁਆਰਾ ਜਿੱਤਿਆ ਜਾ ਚੁੱਕਾ ਹੈ,ਬਸ ਐਲਾਨ ਹੋਣਾ ਬਾਕੀ ਹੈ। ਸਰਕਾਰ ਹਾਲੇ ਵੀ ਫੈਕਟਰੀ ਮਾਲਕਾਂ ਦੇ ਪੱਖ ਪੂਰ ਰਹੀ ਹੈ ਪਰ ਜੇਕਰ ਇਹ ਜੰਗ ਜਿੱਤ ਲਈ ਗਈ ਤਾਂ ਅੱਗੇ ਤੋਂ ਕਿਸੇ ਵੀ ਫੈਕਟਰੀ ਦੀ ਜੁਅਰਤ ਨਹੀਂ ਹੋਵੇਗੀ ਕਿ ਉਹ ਪੰਜਾਬ ਦਾ ਪਾਣੀ ਗੰਦਾ ਕਰਨ ਬਾਰੇ ਸੋਚ ਵੀ ਜਾਣ।
ਦਿੱਲੀ ਕਿਸਾਨ ਅੰਦੋਲਨ ਵੇਲੇ ਕਿਸਾਨ ਮੋਰਚੇ ਵਿੱਚ ਜਾਨ ਗੁਆਉਣ ਵਾਲੇ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿੱਬਡਿੱਬਾ ਨੇ ਵੀ ਸਟੇਜ ਤੇ ਹਾਜਰੀ ਲਾਈ ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਮੋਰਚੇ ਵਾਂਗੂ ਇਹ ਮੋਰਚਾ ਵੀ ਜਰੂਰ ਜਿੱਤਿਆ ਜਾਵੇਗਾ । ਉਹਨਾਂ ਨਵਰੀਤ ਦਾ ਬਰਸੀ ਮਨਾਉਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਕਿਸਾਨ ਮੋਰਚੇ ਤੇ ਲਿਖੀ ਉਹਨਾਂ ਦੀ ਕਿਤਾਬ ਵੀ ਜਲਦੀ ਪ੍ਰਕਾਸ਼ਿਤ ਹੋਵੇਗੀ,ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣਗੇ।
ਕਿਸਾਨ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਟੇਜ ਤੋਂ ਸੰਬੋਧਨ ਕਰਦਿਆਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਇਸ ਇਲਾਕੇ ਵਿੱਚ ਰਾਜਵੀਰ ਵਰਗੇ ਨੌਜਵਾਨਾਂ ਦੀ ਮੌਤ ਤੋਂ ਵੱਧ ਕੇ ਸਰਕਾਰ ਨੂੰ ਹੋਰ ਕੀ ਸਬੂਤ ਚਾਹੀਦੇ ਹਨ ? ਇਹਨਾਂ ਫੈਕਟਰੀਆਂ ਬਾਰੇ ਸਰਕਾਰ ਕਹਿ ਰਹੀ ਹੈ ਕਿ ਇਸ ਤਰਾਂ ਪੰਜਾਬ ਵਿੱਚ ਇੰਡਸਟਰੀ ਕਿਵੇਂ ਆਵੇਗੀ ਪਰ ਮੌਤ ਵੰਡ ਰਹੇ ਇਹਨਾਂ ਕਾਰਖਾਨਿਆਂ ਨੂੰ ਦੇਖ ਕੇ ਹੁਣ ਲੋਕਾਂ ਨੇ ਆਪਣੇ ਪਿੰਡਾਂ ਦੇ ਨੇੜੇ-ਤੇੜੇ ਕੋਈ ਫੈਕਟਰੀ ਲੱਗਣ ਹੀ ਨਹੀਂ ਦੇਣੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਸਹੀ ਕਾਰਵਾਈ ਕਰਕੇ ਇੱਕ ਉਦਾਹਰਣ ਰੱਖੀ ਜਾਵੇ ਪਰ ਲਗਦਾ ਨਹੀਂ ਹੈ ਕਿ ਸਰਕਾਰ ਕਾਰਪੋਰੇਟਰਾਂ ਦਾ ਪੱਲਾ ਛੱਡਣ ਨੂੰ ਤਿਆਰ ਹੈ।