Punjab

ਰਾਜਾ ਵੜਿੰਗ ਤੇ ਨਵਜੋਤ ਕੌਰ ਸਿੱਧੂ ‘ਚ ਛਿੜੀ ਸ਼ਬਦੀ ਜੰਗ

ਪੰਜਾਬ ਕਾਂਗਰਸ ਵਿੱਚ ਤਿੱਖੀ ਬਿਆਨਬਾਜ਼ੀ ਅਤੇ ਵਿਵਾਦ ਵਧ ਗਿਆ ਹੈ। ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗੰਭੀਰ ਦੋਸ਼ ਲਗਾਏ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ (X) ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਵੜਿੰਗ ਨੇ ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਹੜੱਪ ਲਈ ਹੈ। ਉਨ੍ਹਾਂ ਅਨੁਸਾਰ, 40 ਏਕੜ ਜ਼ਮੀਨ ਲੁੱਟੇ ਹੋਏ ਪੈਸਿਆਂ ਨਾਲ ਖਰੀਦੀ ਗਈ ਸੀ, ਜਦਕਿ ਬਾਕੀ 60 ਏਕੜ ਜ਼ਮੀਨ ਜਾਅਲੀ ਦਸਤਖ਼ਤਾਂ ਅਤੇ ਨਕਲੀ ਅੰਗੂਠੇ ਦੇ ਨਿਸ਼ਾਨਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਮਾਸੂਮ ਲੋਕਾਂ ਤੋਂ ਖੋਹ ਲਈ ਗਈ। ਨਵਜੋਤ ਕੌਰ ਨੇ ਰਾਜਸਥਾਨ ਤੋਂ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ ਜੁੜੇ 2400 ਕਰੋੜ ਰੁਪਏ ਦੇ ਘੁਟਾਲੇ ਦਾ ਵੀ ਜ਼ਿਕਰ ਕੀਤਾ ਅਤੇ ਵੜਿੰਗ ਨੂੰ ਅਦਾਲਤ ਵਿੱਚ ਜਵਾਬ ਦੇਣ ਅਤੇ ਜੇਲ੍ਹ ਜਾਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਲਿਖਿਆ, “ਦੇਖੋ ਕੌਣ ਗੱਲ ਕਰ ਰਿਹਾ ਹੈ??? ਰਾਜਾ ਵੜਿੰਗ ਜੀ, ਆਓ ਅਤੇ ਅਦਾਲਤ ਵਿੱਚ ਜਵਾਬ ਦਿਓ…”

ਰਾਜਾ ਵੜਿੰਗ ਨੇ ਜਵਾਬ ਦਿੱਤਾ, “

ਇਸ ‘ਤੇ ਜਵਾਬ ਵਿੱਚ ਰਾਜਾ ਵੜਿੰਗ ਨੇ ਵਿਅੰਗਾਤਮਕ ਅੰਦਾਜ਼ ਵਿੱਚ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਕੌਰ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ 1000 ਏਕੜ ਜ਼ਮੀਨ ਹੈ ਤਾਂ ਉਹ 10-12 ਏਕੜ ਉਨ੍ਹਾਂ ਨੂੰ ਦੇ ਦੇਣਗੇ ਅਤੇ ਬਾਕੀ 990 ਏਕੜ ਬੀਬੀ ਜੀ (ਨਵਜੋਤ ਕੌਰ) ਨੂੰ ਰੱਖ ਲੈਣ। ਵੜਿੰਗ ਨੇ ਕਿਹਾ ਕਿ ਨਵਜੋਤ ਕੌਰ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਅਤੇ ਖਰਾਬ ਮਾਨਸਿਕ ਸਥਿਤੀ ਵਾਲੇ ਵਿਅਕਤੀ ਰੋਜ਼ ਟਿੱਪਣੀ ਕਰਨਾ ਠੀਕ ਨਹੀਂ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਹਜ਼ਾਰ ਏਕੜ ਜ਼ਮੀਨ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਹ ਸੁਭਾਵਿਕ ਹੈ ਕਿ ਉਸ ਕੋਲ ਇੰਨੇ ਪੈਸੇ ਹੋਣਗੇ ਜੋ ਜ਼ਮੀਨ ਖਰੀਦਣ ਲਈ ਵਰਤੇ ਗਏ ਹੋਣ।

ਇਹ ਵਿਵਾਦ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵਧੇਰੇ ਭੜਕ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਵੜਿੰਗ ‘ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਇਹ ਘਟਨਾ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਨੂੰ ਹੋਰ ਉਜਾਗਰ ਕਰ ਰਹੀ ਹੈ ਅਤੇ ਸਿਆਸੀ ਗਰਮਾਹਟ ਵਧਾ ਰਹੀ ਹੈ।