ਪੰਜਾਬ ਦੇ ਜਲੰਧਰ ‘ਚ ਤਿਲਕ ਨਗਰ ਨੇੜੇ ਪਲਾਸਟਿਕ ਸਕਰੈਪ ਦੇ ਗੋਦਾਮ ‘ਚ ਸਵੇਰੇ ਕਰੀਬ 1.30 ਵਜੇ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਟੀਮਾਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਾਹਰੋਂ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਸਵੇਰੇ ਦਸ ਵਜੇ ਤੱਕ 60 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗ ਚੁੱਕੀਆਂ ਹਨ ਪਰ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਜਿਸ ਗੋਦਾਮ ‘ਚ ਅੱਗ ਲੱਗੀ, ਉਹ ਸਾਗਰ ਇੰਟਰਪ੍ਰਾਈਜਿਜ਼ ਨਾਂ ਦੀ ਫਰਮ ਦਾ ਦੱਸਿਆ ਜਾਂਦਾ ਹੈ।
ਦੱਸ ਦਈਏ ਕਿ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ‘ਚ ਇਸ ਨੇ ਗੋਦਾਮ ਦੇ ਨੇੜੇ ਬਣੇ ਪ੍ਰਵਾਸੀਆਂ ਦੇ ਕੁਆਰਟਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰਵਾਸੀਆਂ ਨੂੰ ਸਮੇਂ ਸਿਰ ਕੁਆਰਟਰਾਂ ਤੋਂ ਬਚਾ ਲਿਆ ਗਿਆ। ਇਸ ਦੇ ਬਾਵਜੂਦ 10 ਦੇ ਕਰੀਬ ਪ੍ਰਵਾਸੀਆਂ ਦੇ ਕੁਆਰਟਰ ਅੱਗ ਦੀ ਲਪੇਟ ਵਿੱਚ ਆ ਗਏ। ਜਿਸ ‘ਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ। ਪਰ ਫੈਕਟਰੀ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਾਣੀ ਦੇ ਨਾਲ-ਨਾਲ ਅੱਗ ਬੁਝਾਊ ਫੋਮ ਦੀ ਵਰਤੋਂ ਕਰ ਰਹੀਆਂ ਹਨ। ਪਰ ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਪਲਾਸਟਿਕ ਪਿਆ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਕਪੂਰਥਲਾ, ਕਰਤਾਰਪੁਰ ਸਮੇਤ ਜਲੰਧਰ ਦੇ ਵੱਖ-ਵੱਖ ਕਸਬਿਆਂ ਤੋਂ ਪਾਣੀ ਦੀਆਂ ਗੱਡੀਆਂ ਜਲੰਧਰ ਲੈ ਕੇ ਆਈਆਂ ਸਨ।